ਕੋਵਿਡ ਮਹਾਮਾਰੀ ਦੌਰਾਨ ਸਾਇੰਸ ਸਿਟੀ ਵੱਲੋਂ ਕੌਮਾਂਤਰੀ ਸਾਖਰਤਾ ਦਿਵਸ ‘ਤੇ ਵੈਬੀਨਾਰ

0
3585

ਕਪੂਰਥਲਾ | ਕੌਮੀ ਸਾਖਰਤਾ ਦਿਵਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇਕ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ। ਕੌਮਾਂਤਰੀ ਸਾਖਰਤਾ ਦਿਵਸ ਦਾ ਇਸ ਵਾਰ ਦਾ ਥੀਮ ”ਮਨੁੱਖਤਾ ਨੂੰ ਮੁੜ ਪੈਰਾਂ ‘ਤੇ ਲਿਆਉਣ ਅਤੇ ਡਿਜੀਟਲ ਪਾੜੇ ਨੂੰ ਘਟਾਉਣ ‘ਤੇ ਕੇਂਦਰਿਤ ਸਾਖਰਤਾ” ਹੈ।

ਇਸ ਮੌਕੇ ਹਾਜ਼ਰ ਬੱਚਿਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਸਾਖਰਤਾ ਦਿਵਸ ਹਰ ਸਾਲ 8 ਸਤੰਬਰ ਨੂੰ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਸਾਖਰਤਾ ਦੀਆਂ ਸਮੱਸਿਆਵਾਂ ਜੋ ਸਥਾਨਕ ਅਤੇ ਵਿਸ਼ਵ ਪੱਧਰ ‘ਤੇ ਪਾਈਆਂ ਜਾ ਰਹੀਆਂ ਹਨ, ਨੂੰ ਉਜਾਗਰ ਕਰਨਾ ਹੈ।

ਉਨ੍ਹਾਂ ਕਿਹਾ ਕਿ ਮਹਾਮਾਰੀ ਕੋਵਿਡ-19 ਨੇ ਇਕ ਵਾਰ ਫ਼ਿਰ ਤੋਂ ਸਾਡਾ ਧਿਆਨ ਸਾਖਰਤਾ ਦੇ ਅਹਿਮ ਰੋਲ ਪ੍ਰਤੀ ਕੇਂਦਿਰਤ ਕੀਤਾ ਹੈ। ਕੋਵਿਡ-19 ਨੇ ਬੱਚਿਆਂ ਅਤੇ ਨੌਜਵਾਨਾਂ ਦੀ ਪੜ੍ਹਾਈ ਨੂੰ ਵੱਡੀ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਇਸ ਲਈ ਸਾਖਰਤਾ ‘ਤੇ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਕੇਂਦਰਤ ਕਰਨ ਦੀ ਲੋੜ ਹੈ।

ਇਸ ਮੌਕੇ ਕੇਰਲਾ ਸਟੇਟ ਵਿਗਿਆਨ ਤੇ ਟੈਕਨਾਲੋਜੀ ਮਿਊਜ਼ੀਅਮ ਅਤੇ ਪ੍ਰਿਯਦਰਸ਼ਨੀ ਪੈਨੀਟੇਰੀਅਮ ਤ੍ਰਿਵਨੰਤਪੁਰਮ ਦੇ ਸਾਬਕਾ ਡਾਇਰੈਕਟਰ ਅਰੂਲ ਜੇਰਲਿਡ ਪ੍ਰਕਾਸ਼ ਮੁੱਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਵਿਗਿਆਨਕ ਸਾਖਰਤਾ ਲਈ ਵਿਗਿਆਨ ਕੇਂਦਰਾਂ ਦੀ ਭੂਮਿਕਾ ਦੇ ਵਿਸ਼ੇ ‘ਤੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਲੋਕ ਕਿਸ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ ਅਤੇ ਕਿਨ੍ਹਾਂ ਮੁੱਦਿਆਂ ‘ਤੇ ਕਾਰਵਾਈ ਕਰਦੇ ਹਨ, ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣ ਵੇਲੇ ਉਹ ਕਿਸ ਤਰ੍ਹਾਂ ਦੇ ਵਿਵਹਾਰ ਨੂੰ ਬਦਲਣ ਲਈ ਤਿਆਰ ਹੋ ਸਕਦੇ ਹਨ।

ਵਿਗਿਆਨ ਕੇਂਦਰ ਅਜਿਹੇ ਮੁੱਲਾਂਕਣ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਵਿਗਿਆਨ ਕੇਂਦਰਾਂ ਵਿਚ ਆਉਣ ਵਾਲੇ ਸੈਲਾਨੀਆਂ ਦਾ ਅਨੁਭਵ ਬਹੁਤ ਸਾਕਾਰਤਮਕ ਹੁੰਦਾ ਹੈ, ਬਹੁਤ ਸਾਰਿਆਂ ਵਿਚ ਵਿਗਿਆਨ ਬਾਰੇ ਸੋਚਣ ਦੀ ਤਬਦੀਲੀ ਆਉਂਦੀ ਹੈ।ਇਹ ਤਬਦੀਲੀ ਸਿਰਫ਼ ਨਵੀਂ ਜਾਣਕਾਰੀ ਸਿੱਖਣ ਦੀ ਹੀ ਪ੍ਰਤੀਨਿਧਤਾ ਨਹੀਂ ਕਰਦੀ ਸਗੋਂ ਵਿਗਿਆਨ ਨਾਲ ਉਹਨਾਂ ਦੇ ਰਿਸ਼ਤੇ ਵੱਲ ਵੀ ਇਕ ਪਹਿਲਕਦਮੀ ਹੈ।

ਇਸ ਮੌਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਪ੍ਰਿੰਸੀਪਲ ਡਾ. ਅਵਤਾਰ ਸਿੰਘ ਢੀਂਡਸਾ ਨੇ “ ਕੋਵਿਡ ਮਹਾਂਮਾਰੀ ਦੌਰਾਨ ਵਿਗਿਆਨਕ ਸਾਖਰਤਾ” ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਵਿਸ਼ਵਆਪੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਸਿਹਤ ਅਤੇ ਕੋਵਿਡ-19 ਆਦਿ ਵਿਰੁੱਧ ਲੜਨ ਲਈ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਦੀ ਸਿੱਖਿਆ, ਗਿਆਨ ਅਤੇ ਹੁਨਰ ਦੀ ਲੋੜ ‘ਤੇ ਜ਼ੋਰ ਦਿੱਤਾ।

ਇਸ ਮੌਕੇ ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਦੀ ਸਿੱਖਿਆ ਵਿਚ ਵਾਧਾ ਕਰਨ ਅਤੇ ਇਸ ਵਿਚ ਸਾਰਥਿਕ ਤਰੀਕੇ ਨਾਲ ਹਿੱਸਾ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮਹਾਮਾਰੀ ਦੇ ਦਿਨਾਂ ਵਿਚ ਸਫ਼ਲ ਜੀਵਨ ਬਤੀਤ ਕਰਨ ਲਈ ਵਿਗਿਆਨਕ ਸਾਖਰਤਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਬੋਲਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਡਿਜੀਟਲ ਪਾੜਾ ਦੇਸ਼ ਵਿਚ ਵਿੱਤੀ ਸਮਰੱਥਾ, ਮੌਕਿਆਂ ਅਤੇ ਸਿੱਖਿਆ ਦੀ ਘਾਟ ਨੂੰ ਉਜਾਗਰ ਕਰਦਾ ਹੈ। ਭਾਰਤ ਸਮਾਜਿਕ ਤੌਰ ‘ਤੇ ਮੁੱਖ ਡਿਜੀਟਲ ਪਾੜੇ ਦੀ ਚਿੰਤਾ ‘ਚੋਂ ਹੌਲ਼ੀ-ਹੌਲ਼ੀ ਨਿਕਲ ਰਿਹਾ ਹੈ। ਡਿਜੀਟਲ ਬਰਾਬਤਾ ਵੱਲ ਹਰੇਕ ਪਹਿਲਕਦਮੀ ਚੰਗੇ ਭਵਿੱਖ ਨੂੰ ਯਕੀਨੀ ਬਣਾਏਗੀ ਅਤੇ ਇਹ ਮਨੁੱਖਤਾ ਨੂੰ ਮੁੜ ਪੈਰਾ ਤੇ ਲਿਆਉਣ ਲਈ ਮਜ਼ਬੂਤ ਨੀਂਹ ਬਣਾਉਣ ਵਿਚ ਅਹਿਮ ਯੋਗਦਾਨ ਪਾਏਗਾ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3y4CtSq ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

LEAVE A REPLY

Please enter your comment!
Please enter your name here