ਜਲੰਧਰ ਦੇ 400 ਡੈਂਟਿਸਟਾਂ ਨੂੰ ਅਨਲੌਕ-1 ਵੀ ਨਾ ਦੇ ਸਕਿਆ ਰਾਹਤ

0
2713

ਸੁਮਨਦੀਪ ਕੌਰ | ਜਲੰਧਰ

ਕੋਰੋਨਾ ਵਾਇਰਸ ਕਾਰਨ ਹਰ ਖੇਤਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜਲੰਧਰ ਜਿਲ੍ਹੇ ਵਿਚ 400 ਡੈਂਟਿਸਟ ਹਨ ਜਿਹਨਾਂ ਵਿਚ 200 ਸ਼ਹਿਰ ਤੇ ਬਾਕੀ ਦਿਹਾਤੀ ਹਨ। ਅਨਲੌਕ-1 ਵਿਚ ਵੀ ਸਾਰੇ ਕਲੀਨਿਕ ਬੰਦ ਹਨ। ਡੈਂਟਿਸਟਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਸ਼ਹਿਰ ਵਿਚ ਕਲੀਨਿਕ ਚਲਾਉਣ ਵਾਲੇ ਡਾਕਟਰ ਅਮਰਦੀਪ ਸਿੰਘ ਨੇ ਪੰਜਾਬੀ ਬੁਲੇਟਿਨ ਨਾਲ ਗੱਲਬਾਤ ਦੌਰਾਨ ਆਪਣੇ ਪੇਸ਼ੇ ਦੀਆਂ ਦਿਕਤਾਂ ਦੱਸੀਆਂ।

ਡਾ. ਅਮਰਦੀਪ ਦੱਸਦੇ ਹਨ- ਅਨਲੌਕ-1 ਦੇ ਵਿਚ ਵੀ ਡੈਂਟਲ ਕਲੀਨਿਕ ਬੰਦ ਹੀ ਹਨ। ਸਰਕਾਰ ਨੇ ਇਹਨਾਂ ਕਲੀਨਿਕਾਂ ਨੂੰ ਖੋਲ੍ਹਣ ਦੀ ਇਜਾਜਤ ਇਸ ਲਈ ਨਹੀਂ ਦਿੱਤੀ, ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਕਲੀਨਿਕਾਂ ਵਿਚ ਵਾਇਰਸ ਫੈਲਣ ਦਾ ਖਤਰਾਂ ਜਿਆਦਾ ਹੈ। ਪਿਛਲੇ ਢਾਈ ਮਹੀਨਿਆਂ ਤੋਂ ਕਲੀਨਿਕ ਬੰਦ ਰਹਿਣ ਕਾਰਨ ਕਾਫੀ ਸਮੱਸਿਆ ਹੋ ਰਹੀ ਹੈ। ਦੂਜੇ ਪਾਸੇ ਕਿਰਾਏ, ਬੈਂਕਾਂ ਦੀਆਂ ਕਿਸ਼ਤਾਂ, ਬਿਜਲੀ ਦੇ ਬਿੱਲ ਆਦਿ ਦੇ ਖਰਚੇ ਹੋਣੇ ਹੀ ਹਨ। ਵੱਧ ਰਹੇ ਖਰਚਿਆਂ ਤੋਂ ਡੈਂਟਿਸਟ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ। ਕੋਰੋਨਾ ਤੋਂ ਬਾਅਦ ਡੈਂਟਿਟਸ ਨੂੰ ਪੈਰਾਂ ਤੇ ਆਉਣ ਨੂੰ ਬਹੁਤ ਸਮਾਂ ਲੱਗ ਜਾਵੇਗਾ।

ਮਹਿੰਗਾ ਹੋ ਸਕਦਾ ਹੈ ਦੰਦਾਂ ਦਾ ਇਲਾਜ

ਡਾ. ਅਮਰਦੀਪ ਸਿੰਘ ਜੋ ਕਿ ਰਾਮਾਮੰਡੀ ਜਲੰਧਰ ਵਿਖੇ ਕਲੀਨਿਕ ਚਲਾਉਂਦੇ ਹਨ। ਉਹਨਾਂ ਦੱਸਿਆ ਕਿ ਕੋਰੋਨਾ ਤੋਂ ਬਾਅਦ ਦੰਦਾਂ ਦਾ ਇਲਾਜ ਮਹਿੰਗਾ ਹੋ ਸਕਦਾ ਹੈ। ਦੰਦਾਂ ਦੇ ਇਲਾਜ ਲਈ ਜਿਆਦਾਤਰ ਸਾਮਾਨ ਚੀਨ ਵਿਚ ਹੀ ਬਣਾਇਆ ਜਾਂਦਾ ਸੀ ਪਰ ਹੁਣ ਕੋਰੋਨਾ ਦੇ ਦੌਰ ਤੋਂ ਬਾਅਦ ਚੀਨ ਤੋਂ ਇਮਪੋਰਟ ਬੰਦ ਹੈ। ਇਲਾਜ ਦੌਰਾਨ ਵਰਤੇ ਜਾਂਦੇ ਉਪਕਰਣ ਬਹੁਤ ਮਹਿੰਗੇ ਹੋ ਗਏ ਹਨ ਜਿਹਨਾਂ ਦੇ ਖਰਚੇ ਚੁੱਕਣੇ ਹੁਣ ਮੁਸ਼ਕਿਲ ਹੀ ਜਾਪਦੇ ਹਨ।

ਡੈਂਟਿਸਟਾਂ ਦੀਆਂ ਸਰਕਾਰ ਤੋਂ ਉਮੀਦਾਂ

ਕੋਰੋਨਾ ਦੌਰਾਨ ਸਰਕਾਰ ਨੇ ਕਈ ਵਰਗਾਂ ਨੂੰ ਸਹੂਲਤਾਂ ਦਿੱਤੀਆਂ ਹਨ ਹੁਣ ਡੈਂਟਿਸਟ ਵੀ ਆਪਣੀ ਵਾਰੀ ਦੀ ਉਡੀਕ ਵਿਚ ਹਨ। ਡਾ ਅਮਰਦੀਪ ਦਾ ਕਹਿਣਾ ਹੈ ਕਿ ਸਰਕਾਰ ਨੂੰ ਦੰਦਾਂ ਦੇ ਡਾਕਟਰਾਂ ਲਈ ਵੀ ਕੁਝ ਮਦਦ ਦੇਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਡੈਂਟਲ ਖੇਤਰ ਲਈ ਬਣਾਈਆਂ ਹਦਾਇਤਾਂ ਨੇ ਤਾਂ ਇਸ ਖੇਤਰ ਉੱਤੇ ਹੋਰ ਵੀ ਬੋਝ ਪਾ ਦਿੱਤਾ ਹੈ। ਹਦਾਇਤਾਂ ਅਨੁਸਾਰ ਇਲਾਜ ਕਰਨਾ ਤਾਂ ਬਹੁਤ ਹੀ ਔਖਾ ਹੈ। ਜਦ ਵੀ ਸਰਕਾਰ ਡੈਂਟਲ ਖੇਤਰ ਬਾਰੇ ਕੋਈ ਫੈਸਲਾ ਕਰੇਗੀ ਤਾਂ ਸਰਕਾਰ ਡੈਂਟਿਸਟਾਂ ਨੂੰ ਵੀ ਆਪਣੀ ਕਮੇਟੀ ਵਿਚ ਸ਼ਾਮਲ ਕਰੇ ਜਿਸ ਨਾਲ ਡੈਂਟਿਸਟ ਆਪਣੀ ਸਮੱਸਿਆ ਸਰਕਾਰ ਨੂੰ ਦੱਸ ਸਕਣ।

LEAVE A REPLY

Please enter your comment!
Please enter your name here