ਪੰਜਾਬ ਸਰਕਾਰ ਦੀ ਗਰੀਬਾਂ ਦੇ ਰਾਸ਼ਨ ‘ਤੇ ਡਾਕਾ ਮਾਰਨ ਵਾਲਿਆਂ ਖਿਲਾਫ ਸਖਤੀ : 10 ਜ਼ਿਲਿਆਂ ਦੇ 87 ਹਜ਼ਾਰ ਨੀਲੇ ਕਾਰਡ ਕੀਤੇ ਰੱਦ

0
17018

ਚੰਡੀਗੜ੍ਹ | ਪੰਜਾਬ ਸਰਕਾਰ ਹੁਣ ਗਰੀਬਾਂ ਦਾ ਰਾਸ਼ਨ ਚੋਰੀ ਕਰਨ ਵਾਲੇ ਅਮੀਰ ਲੋਕਾਂ ਦੀ ਭਾਲ ਕਰ ਰਹੀ ਹੈ। ਘਰ ‘ਚ ਇੱਕ ਕਾਰ, ਏ.ਸੀ ਅਤੇ 2 ਘਰ ਹੋਣ ਦੇ ਬਾਵਜੂਦ ਪੰਜਾਬ ‘ਚ ਕਈ ਲੋਕਾਂ ਨੇ ਨਾਜਾਇਜ਼ ਨੀਲੇ ਕਾਰਡ ਬਣਾਏ ਹੋਏ ਹਨ। ਰੀ-ਵੈਰੀਫਿਕੇਸ਼ਨ ‘ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ।

ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਜ਼ਮੀਨ ‘ਤੇ ਜਾ ਕੇ 10 ਜ਼ਿਲਿਆਂ ‘ਚ ਹਕੀਕਤ ਦੀ ਜਾਂਚ ਕੀਤੀ ਤਾਂ 15 ਲੱਖ ਨੀਲੇ ਕਾਰਡ ਧਾਰਕਾਂ ‘ਚੋਂ 87651 ਲੋਕਾਂ ਦੇ ਕਾਰਡ ਰੱਦ ਕੀਤੇ ਗਏ ਅਤੇ ਪਤਾ ਲੱਗਾ ਕਿ ਕਈ ਥਾਵਾਂ ‘ਤੇ ਪਿੰਡਾਂ ‘ਚ ਟਰੈਕਟਰ ਰੱਖਣ ਵਾਲੇ ਕਿਸਾਨ ਵੀ ਕਾਰਡ ਬਣਾ ਕੇ ਸਕੀਮਾਂ ਦਾ ਲਾਭ ਲੈ ਰਹੇ ਹਨ।

ਪਠਾਨਕੋਟ ‘ਚ ਜਦੋਂ ਵਿਭਾਗ ਦੀ ਟੀਮ ਕਾਰਡਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪਿੰਡ ਢੋਲੋਵਾਲ ‘ਚ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ‘ਚ ਕੁਝ ਕਾਰਡ ਧਾਰਕਾਂ ਦੇ ਪੱਕੇ ਘਰ ‘ਚ 10 ਲੱਖ ਰੁਪਏ ਦੀ ਕਾਰ ਅਤੇ ਏਅਰ ਕੰਡੀਸ਼ਨਰ ਤੇ ਟਰੈਕਟਰ ਵੀ ਖੜ੍ਹਿਆ ਪਾਇਆ ਗਿਆ।

ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰ ਕੇ ਕਾਰਡ ਬਣਾਏ ਗਏ। ਫਲੋਰਾ ਪਿੰਡ ਦੇ 56 ਸਮਾਰਟ ਕਾਰਡ ਧਾਰਕਾਂ ਵਿੱਚੋਂ 28 ਦੇ ਕਾਰਡ ਰੱਦ ਕਰਨੇ ਪਏ। ਅੰਮ੍ਰਿਤਸਰ ‘ਚ ਪ੍ਰਾਈਵੇਟ ਨੌਕਰੀਆਂ ਅਤੇ ਦਿਹਾੜੀਦਾਰਾਂ ਨੂੰ ਸਰਕਾਰੀ ਨੌਕਰੀਆਂ ‘ਚ ਦਿਖਾ ਕੇ ਉਨ੍ਹਾਂ ਦੇ ਨਾਵਾਂ ਨੂੰ ਕੱਟ ਦਿੱਤਾ ਗਿਆ। ਅੰਮ੍ਰਿਤਸਰ ਦੇ ਡੀਐਫਐਸਈ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਾਂ ਦੀ ਗਿਣਤੀ ਦੇ ਆਧਾਰ ’ਤੇ ਸਰਵੇ ਕੀਤਾ ਜਾਵੇਗਾ। ਸਕਰੀਨਿੰਗ ਵੀ ਹੋਵੇਗੀ।

ਨੀਲੇ ਕਾਰਡ ਦੀ ਸ਼ਰਤ ਮੁਤਾਬਕ ਕਾਰ, ਏ.ਸੀ., ਸਰਕਾਰੀ ਨੌਕਰੀ ਅਤੇ ਪੈਨਸ਼ਨ ਲੈਣ ਵਾਲਿਆਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਨਹੀਂ ਮਿਲ ਸਕਦੀ।