10 ਜੁਲਾਈ ਬਕਰਾਈਦ ਦੇ ਦਿਨ ਲਈ ਵਿਸ਼ੇਸ਼ ਇਸਲਾਮ ‘ਚ ਕੁਰਬਾਨੀ ਦਾ ਮਹੱਤਵ

0
5346


ਜ਼ਿੰਦਗੀ ਰੂਪੀ ਪੰਧ ਨੂੰ ਗੁਜ਼ਾਰਨ ਲਈ ਮਨੁੱੱਖ ਨੂੰ ਸੰਸਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਪਰ ਇਹ ਚੀਜ਼ਾਂ ਉਹ ਬਿਨਾਂ ਕਿਸੇ ਕੁਰਬਾਨੀ (ਕੁੱਝ ਅਰਪਣ ਕਰਨ) ਤੋਂ ਪ੍ਰਾਪਤ ਨਹੀਂ ਕਰ ਸਕਦਾ।

ਮਕਸਦ ਜਿੰਨ੍ਹਾਂ ਅਜ਼ੀਮ (ਵੱਡਾ) ਹੁੰਦਾ ਹੈ, ਕੁਰਬਾਨੀ ਵੀ ਉਨੀ ਹੀ ਵੱਡੀ ਹੋਣੀ ਲਾਜ਼ਮੀ ਹੈ। ਕੁਰਬਾਨੀ ਦੀ ਤਾਰੀਖ (ਇਤਿਹਾਸ) ਉਨੀ ਹੀ ਪੁਰਾਣੀ ਹੈ ਜਿੰਨੀ ਕਿ ਮਨੁੱਖ ਦੀ ਤਾਰੀਖ। ਸਮੇਂ-ਸਮੇਂ ‘ਤੇ ਮਹਾਂਪੁਰਸ਼ਾਂ, ਅਵਤਾਰਾਂ ਅਤੇ ਪੀਰਾਂ ਨੇ ਮਨੁੱਖਤਾ ਦੀ ਹਦਾਇਤ ਲਈ ਤਰ੍ਹਾਂ-ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ। ਕੁਰਬਾਨੀ ਦੀ ਰਸਮ ਹਰੇਕ ਧਰਮ ਵਿੱਚ ਚੱਲੀ ਆ ਰਹੀ ਹੈ। ਇਸਲਾਮ ਧਰਮ ਵਿੱਚ ਮਨੁੱਖਤਾ ਦੀ ਹਦਾਇਤ ਲਈ ਸਾਰੇ ਹੀ ਨਬੀਆਂ (ਅਵਤਾਰਾਂ) ਅਤੇ ਰਸੂਲਾਂ ਨੇ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਪੇਸ਼ ਕੀਤੀਆਂ ਅਤੇ ਰੱਬ ਦੀ ਰਜ਼ਾ (ਖੁਸ਼ੀ) ਪ੍ਰਾਪਤ ਕੀਤੀ।

ਇੱਥੋਂ ਤੱਕ ਕਿ ਇਸਲਾਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਦੀ ਪੂਰੀ ਜ਼ਿੰਦਗੀ ਤਰ੍ਹਾਂ-ਤਰ੍ਹਾਂ ਦੀਆਂ ਕੁਰਬਾਨੀਆਂ ਨਾਲ ਭਰੀ ਪਈ ਹੈ। ਸ਼੍ਰੀ ਰਾਮ ਚੰਦਰ ਜੀ ਦੁਆਰਾ 14 ਸਾਲਾਂ ਲਈ ਅਯੁੱਧਿਆ ਨੂੰ ਛੱਡਣਾ ਕੁਰਬਾਨੀ ਦੀ ਬਹੁਤ ਵੱਡੀ ਉਦਾਹਰਨ ਹੈ। ਇਸਲਾਮੀ ਤਾਰੀਖ ਵਿੱਚ ਸਭ ਤੋਂ ਪਹਿਲੀ ਕੁਰਬਾਨੀ ਹਜ਼ਰਤ ਆਦਮ (ਅਲੈ.) ਦੇ ਦੋ ਪੁੱਤਰਾਂ ਹਾਬੀਲ ਤੇ ਕਾਬੀਲ ਨੇ ਪੇਸ਼ ਕੀਤੀ।

ਕਾਬੀਲ ਨੇ ਜਦੋਂ ਦਸਤੂਰ ਤੋਂ ਉਲਟ ਆਪਣੇ ਹੀ ਨਾਲ ਪੈਦਾ ਹੋਈ ਭੈਣ ਨਾਲ ਵਿਆਹ ਕਰਨਾ ਚਾਹਿਆ ਤਾਂ ਰੱਬ ਨੇ ਹਾਬੀਲ ਤੇ ਕਾਬੀਲ ਨੂੰ ਕੁਰਬਾਨੀ ਕਰਨ ਦਾ ਹੁਕਮ ਦਿੱਤਾ। ਜਿਸ ਵਿੱਚ ਹਾਬੀਲ ਦੀ ਕੁਰਬਾਨੀ ਮਨਜ਼ੂਰ ਹੋਈ। ਇਸ ਸਿਲਸਿਲੇ ਦੀ ਅਹਿਮ (ਖਾਸ) ਕੜੀ ਹਜ਼ਰਤ ਇਬਰਾਹੀਮ (ਅਲੈ.) ਹਨ। ਜਿਨਾਂ ਨੂੰ ਅੱਲਾ ਨੇ ਖੁਦ ਖਲੀਲ-ਉੱਲਾ (ਰੱਬ ਦਾ ਦੋਸਤ) ਕਹਿ ਕੇ ਪੁਕਾਰਿਆ ਹੈ। ਇਹਨਾਂ ਦੀ ਪੂਰੀ ਜ਼ਿੰਦਗੀ ਲੋਕਾਂ ਨੂੰ ਸਿੱਧੀ ਰਾਹ ‘ਤੇ ਚਲਾਉਣ ਵਿੱਚ ਖਤਮ ਹੋਈ।

ਕਦਮ-ਕਦਮ ਤੇ ਰੱਬ ਨੇ ਇਹਨਾਂ ਤੋਂ ਸਖਤ ਤੋਂ ਸਖਤ ਇਮਤਿਹਾਨ ਲਿਆ ਤਾਂ ਕਿ ਇਹਨਾਂ ਦੇ ਦਿਲ ਵਿੱਚ ਖਾਲਿਸ (ਸਿਰਫ) ਰੱਬ ਦੀ ਮੁਹੱਬਤ ਬਾਕੀ ਰਹਿ ਜਾਵੇ ਜਾਂ ਇਹ ਕਹਿ ਲਵੋ ਕਿ ਇਹਨਾਂ ਨੂੰ ਤਪਾ-ਤਪਾ ਕੇ ਕੁੰਦਨ ਬਣਾਇਆ।ਹਜ਼ਰਤ ਇਬਰਾਹੀਮ (ਅਲੈ.) ਦੇ ਘਰ ਬੁਢਾਪੇ ਦੇ ਦਿਨਾਂ ਵਿੱਚ ਇੱਕ ਲੜਕਾ ਪੈਦਾ ਹੋਇਆ, ਜਿਸ ਦਾ ਨਾਂ ਇਸਮਾਇਲ ਰੱਖਿਆ ਗਿਆ।

ਚੇਤੇ ਰਹੇ ਇਹ ਬੱਚਾ ਵੀ ਵੱਡਾ ਹੋ ਕੇ ਅੱਲਾ ਦਾ ਨਬੀ ਕਹਿਲਾਇਆ। ਬੁਢਾਪੇ ਦੇ ਦਿਨਾਂ ‘ਚ ਪੈਦਾ ਹੋਣ ਕਾਰਨ, ਹਜ਼ਰਤ ਇਬਰਾਹੀਮ (ਅਲੈ.) ਨੂੰ ਇਸ ਨਾਲ ਬੇਹੱਦ ਮੁਹੱਬਤ ਸੀ।ਰੱਬ ਵੱਲੋਂ ਹੁਕਮ ਹੋਇਆ ਕਿ ਆਪਣੀ ਪਤਨੀ ਅਤੇ ਬੱਚੇ ਨੂੰ ਇਕਾਂਤ ਥਾਂ ਤੇ ਛੱਡ ਦਿਓ। ਇਹ ਬਨਵਾਸ ਪਤਨੀ ਅਤੇ ਬੱਚੇ ਲਈ ਕਾਫੀ ਸਾਲਾਂ ਤੱਕ ਦਾ ਸੀ ਅਤੇ ਜਦੋਂ ਇਬਰਾਹੀਮ (ਅਲੈ.) ਦੁਬਾਰਾ ਇਸਮਾਇਲ ਨੂੰ ਮਿਲੇ ਤਾਂ ਉਹ ਇੱਕ ਨੌਜਵਾਨ ਗੱਭਰੂ ਸੀ। ਇਹਨਾਂ ਜੂਦਾਈ ਦੇ ਦਿਨਾਂ ‘ਚ ਹਜ਼ਰਤ ਇਬਰਾਹੀਮ (ਅਲੈ.) ਕਦੇ ਮੁਲਕ ਸ਼ਾਮ ਤਾਂ ਕਦੇ ਮਿਸਰ, ਕਦੇ ਫਲਸਤੀਨ ਤਾਂ ਕਦੇ ਹਜਾਜ਼ ਦੇ ਲੋਕਾਂ ਨੂੰ ਸਿੱਧੀ ਰਾਹ ਵੱਲ ਬੁਲਾਉਂਦੇ ਰਹੇ।

ਜਦੋਂ ਲੰਬੇ ਬਨਵਾਸ ਪਿੱਛੋਂ ਬਾਪ-ਪੁੱਤਰ ਮਿਲੇ ਤਾਂ ਰੱਬ ਦਾ ਫਿਰ ਹੁਕਮ ਹੋਇਆ ਕਿ ਆਪਣੀ ਸਭ ਤੋਂ ਪਿਆਰੀ ਚੀਜ਼ ਮੇਰੇ ਲਈ ਕੁਰਬਾਨ ਕਰੋ।ਜ਼ਾਹਿਰ ਹੈ ਕਿ ਹਜ਼ਰਤ ਇਬਰਾਹੀਮ (ਅਲੈ.) ਲਈ ਸਭ ਤੋਂ ਪਿਆਰੀ ਚੀਜ਼ ਉਹਨਾਂ ਦਾ ਪੁੱਤਰ ਸੀ, ਪਰ ਉਹਨਾਂ ਰੱਬ ਦੇ ਹੁਕਮ ਨੂੰ ਪੂਰਾ ਕਰਨ ਲਈ ਆਪਣੇ ਬੇਟੇ ਨੂੰ ਲਿਟਾ ਕੇ ਉਸ ਦੀ ਗਰਦਨ ‘ਤੇ ਛੁਰੀ ਚਲਾਈ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਸੀਂ ਛੁਰੀ ਚਲਾਉਣ ਤੋਂ ਪਹਿਲਾਂ ਆਪਣੀਆਂ ਅੱਖਾਂ ਤੇ ਪੱਟੀ ਬੰਨ ਲਵੋ ਤਾਂ ਕਿ ਠੀਕ ਢੰਗ ਨਾਲ ਰੱਬ ਦੇ ਹੁਕਮ ਨੂੰ ਪੂਰਾ ਕਰ ਸਕੋ।

ਸਿੱਟੇ ਵੱਜੋਂ ਛੁਰੀ ਚਲਾਈ ਗਈ, ਜਦੋਂ ਪੱਟੀ ਖੋਲ ਕੇ ਦੇਖਿਆ ਤਾਂ ਪੁੱਤਰ ਠੀਕ-ਠਾਕ ਸੀ ਅਤੇ ਛੁਰੀ ਇੱਕ ਦੂੰਬੇ (ਲੇਲੇ ਦੀ ਕਿਸਮ) ਦੀ ਗਰਦਨ ਤੇ ਚੱਲੀ ਸੀ।ਇਹ ਕੁਰਬਾਨੀ ਰੱਬ ਨੂੰ ਇੰਨੀ ਪਸੰਦ ਆਈ ਕਿ ਰੱਬ ਨੇ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਲਈ ਹਰ ਸਾਲ ਇਸ ਦੀ ਨਕਲ ਕਰਨ ਦਾ ਹੁਕਮ ਦੇ ਦਿੱਤਾ।

ਕੁਰਬਾਨੀ ਦਾ ਮਕਸਦ : ਕੁਰਬਾਨੀ ਦਾ ਅਰਥ ਸਿਰਫ ਇਹ ਨਹੀਂ ਕਿ ਇੱਕ ਪਸ਼ੂ ਦੀ ਕੁਰਬਾਨੀ ਕਰਕੇ ਉਸ ਦਾ ਗੋਸ਼ਤ ਖਾ ਲਿਆ ਜਾਵੇ ਜਾਂ ਮਿੱਤਰਾਂ, ਰਿਸ਼ਤੇਦਾਰਾਂ ਵਿੱਚ ਵੰਡ ਦਿੱਤਾ ਜਾਵੇ, ਬਲਕਿ ਅਸਲ ਮਕਸਦ ਇਹ ਹੈ ਕਿ ਸਾਡੇ ਦਿਲ ਦੀ ਹਾਲਤ ਅਜਿਹੀ ਬਣ ਜਾਵੇ ਕਿ ਚਾਹੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਪਰ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਕੋਈ ਵੀ ਪਿਆਰੀ ਤੋਂ ਪਿਆਰੀ ਚੀਜ਼ ਰਸਤੇ ਵਿੱਚ ਰੁਕਾਵਟ ਨਾ ਬਣ ਸਕੇ।ਕੁਰਬਾਨੀ ਹਜ਼ਰਤ ਇਬਰਾਹੀਮ (ਅਲੈ.) ਦੀ ਯਾਦਗ਼ਾਰ ਅਤੇ ਸਾਡੇ ਲਈ ‘ਮਸ਼ਲ-ਏ-ਰਾਹ’ (ਸਿੱਧੀ ਰਾਹ ਵਿਖਾਉਣ ਵਾਲੀ) ਹੈ।

ਸੱਚਾ ਰੱਬ ਕੁਰਬਾਨੀ ਦੇ ਮਕਸਦ ਨੂੰ ਇਸ ਤਰ੍ਹਾਂ ਫਰਮਾਉਂਦਾ ਹੈ ‘ਨਾ ਤਾਂ ਅੱਲਾ ਕੋਲ ਕੁਰਬਾਨੀ ਦਾ ਗੋਸ਼ਤ ਪਹੁੰਚਦਾ ਹੈ ਅਤੇ ਨਾ ਹੀ ਕੁਰਬਾਨੀ ਦਾ ਖੂਨ, ਬਲਕਿ ਉਸ ਕੋਲ ਤੁਹਾਡਾ ਤਕਵਾ(ਨੀਯਤ ਦੀ ਸ਼ੁੱਧਤਾ) ਪਹੁੰਚਦਾ ਹੈ’।

(ਕੁਰਆਨ) ਕੁਰਬਾਨੀ ਦਾ ਇਸਲਾਮੀ ਤਰੀਕਾ ਅਤੇ ਇਸ ਦੇ ਫਾਇਦੇ : ਇਸਲਾਮ ਦਾ ਤਰੀਕਾ-ਏ-ਕੁਰਬਾਨੀ ਇੰਨਾ ਆਸਾਨ ਅਤੇ ਸਿੱਧਾ-ਸਾਧਾ ਹੈ ਕਿ ਇਸ ਤਰੀਕੇ ਨਾਲ ਕੁਰਬਾਨ ਕੀਤੇ ਜਾ ਰਹੇ ਪਸ਼ੂ ਨੂੰ ਬਹੁਤ ਹੀ ਘੱਟ ਤਕਲੀਫ ਹੁੁੰਦੀ ਹੈ।ਇਸੇ ਲਈ ਲਾਰਡ ਹਾਵਰਡ ਨੇ ਕਿਹਾ ਹੈ ਕਿ ਕੁਰਬਾਨੀ ਕਰਨ ਦਾ ਇਸਲਾਮੀ ਤਰੀਕਾ ਇੰਨਾ ਆਸਾਨ ਹੈ ਕਿ ਮੈਂ ਰੱਬ ਤੋਂ ਦੂਆ ਕਰਦਾ ਹਾਂ ਕਿ ਮੈਂਨੂੰ ਮੌਤ ਆਏ ਤਾਂ ਇੰਨੀ ਹੀ ਤਕਲ਼ੀਫ ਹੋਵੇ ਜਿੰਨੀ ਕਿ ਕੁਰਬਾਨ ਕੀਤੇ ਜਾ ਰਹੇ ਪਸ਼ੂ ਨੂੰ ਹੁੁੰਦੀ ਹੈ।

ਮੌਲਾਨਾ ਅਸ਼ਰਫ ਅਲੀ ਥਾਨਵੀ (ਰਹਿ.) ਨੇ ਲਿਖਿਆ ਹੈ ਕਿ ਜੇਕਰ ਪਸ਼ੂ ਦਾ ਖੁੂਨ ਹਲਕ (ਗਰਦਨ ਵਾਲਾ ਹਿੱਸਾ) ਤੋਂ ਇਲਾਵਾ ਕਿਸੇ ਹੋਰ ਹਿੱਸੇ ਤੋਂ ਕੱਢਿਆ ਜਾਵੇ ਤਾਂ ਉਹ ਦੇਰ ਨਾਲ ਮਰਦਾ ਹੈ ਅਤੇ ਉਸ ਨੂੰ ਬੇਹੱਦ ਤਕਲੀਫ ਹੁੁੰਦੀ ਹੈ।

ਕੁਰਬਾਨੀ ਕਰਨ ਸਮੇਂ ਅੱਲਾ-ਹੂ-ਅਕਬਰ (ਅੱਲਾ ਸਭ ਤੋਂ ਵੱਡਾ) ਕਹਿਣਾ ਜ਼ਰੂਰੀ ਹੈ, ਭਾਵ ਇਹ ਸਮਝਣਾ ਕਿ ਮੈਂ ਇਸ ਜਾਨਦਾਰ ਨੂੰ ਸਿਰਫ ਅੱਲਾ ਲਈ ਅਤੇ ਉਸ ਦੀ ਹੀ ਆਗਿਆ ਨਾਲ ਕੁਰਬਾਨ ਕਰ ਰਿਹਾ ਹਾਂ।

ਹੁਣ ਜੇਕਰ ਅਸੀਂ ਥੋੜ੍ਹਾ ਜਿਹਾ ਗੰਭੀਰਤਾ ਨਾਲ ਸੋਚੀਏ ਤਾਂ ਪਤਾ ਲੱਗੇਗਾ ਕਿ ਇਸ ਪੂਰੇ ਸੰਸਾਰ ਵਿੱਚ ਕੁਰਬਾਨੀ ਦਾ ਚੱਕਰ ਲਗਾਤਾਰ ਜਾਰੀ ਹੈ।ਉਦਾਹਰਣ ਵੱਜੋਂ ਜਦੋਂ ਰੂੰ ਟੁਕੜੇ-ਟੁਕੜੇ ਹੋ ਜਾਂਦੀ ਹੈ ਤਾਂ ਲਿਹਾਫ ਵਿੱਚ ਭਰੀ ਜਾਂਦੀ ਹੈ।

ਅਨਾਜ ਆਪਣੀ ਹਸਤੀ ਮਿਟਾ ਕਿ ਸਾਡੀ ਖੁਰਾਕ ਬਣਦਾ ਹੈ।ਤੇਲ ਆਪਣੇ-ਆਪ ਨੂੰ ਜਲਾਉਣ ਉੁਪਰੰਤ ਸਾਨੂੰ ਰੋਸ਼ਨੀ ਦਿੰਦਾ ਹੈ। ਪਾਣੀ ਆਪਣੀ ਹਸਤੀ ਮਿਟਾ ਕੇ ਸਾਡੀ ਪਿਆਸ ਬੁਝਾਉਂਦਾ ਹੈ। ਛੋਟੇ ਜਾਨਵਰਾਂ ਨੂੰ ਵੱਡੇ ਜਾਨਵਰ ਖਾ ਜਾਂਦੇ ਹਨ। ਅੱਲਾ ਆਪਣੇ ਕੁਰਆਨ ‘ਚ ਫਰਮਾਉਂਦਾ ਹੈ ਕਿ ਹਰ ਚੀਜ਼ ਇਨਸਾਨ ਲਈ ਹੈ ਅਤੇ ਉਸ ਦੇ ਫਾਇਦੇ ਲਈ ਆਪਣੇ-ਆਪ ਨੂੰ ਖਤਮ ਕਰ ਰਹੀ ਹੈ ਤਾਂ ਕੀ ਇਸ ਅਹਿਸਾਸ ਦੇ ਬਦਲੇ ਇਹ ਗੱਲ ਇਨਸਾਨ ਦੀ ਨਜ਼ਰ ਵਿੱਚ ਠੀਕ ਨਹੀਂ ਕਿ ਇਨਸਾਨ ਉਸ ਅਜ਼ੀਮ (ਵੱਡੀ) ਹਸਤੀ ਅੱਗੇ ਝੁਕ ਜਾਵੇ ਅਤੇ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਹਰ ਸਮੇਂ ਉਸ ਦੀ ਖੁਸ਼ੀ ਲਈ ਕੁਰਬਾਨ ਕਰਨ ਲਈ ਤਤਪਰ ਰਹੇ।

ਕੁਰਬਾਨੀ ਤੋਂ ਸਿੱਖਿਆ : ਕੁਰਬਾਨੀ ਸਾਨੂੰ ਹਰ ਪਿਆਰੀ ਚੀਜ਼ ਦੀ ਕੁਰਬਾਨੀ ਸਿਖਾਉਂਦੀ ਹੈ।ਇਹ ਇਨਸਾਨੀ ਦਿਲ ਵਿੱਚ ਰੱਬ ਦੀ ਮੁਹੱਬਤ ਪੈਦਾ ਕਰਦੀ ਹੈ। ਅੱਲਾ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਸਲ. ਕੁਰਬਾਨੀ ਕਰਨ ਸਮੇਂ ਆਪਣੀ ਪਿਆਰੀ ਬੇਟੀ ਹਜ਼ਰਤ ਫਾਤਮਾ (ਰਜ਼ੀ.) ਨੂੰ ਕੋਲ ਖੜ੍ਹਨ ਲਈ ਕਹਿੰਦੇ ਤਾਂ ਕਿ ਉਸ ਨੂੰ ਇਹ ਅੰਦਾਜ਼ਾ ਹੋ ਸਕੇ ਕਿ ਇਬਰਾਹੀਮੀ ਸੁੰਨਤ ਕਿੰਨੀ ਦਰਦਨਾਕ ਹੋਵੇਗੀ ਕਿ ਆਪਣੇ ਹੀ ਹੱਥਾਂ ਨਾਲ ਆਪਣੇ ਇਕਲੋਤੇ ਪੁੱਤਰ ਦੀ ਕੁਰਬਾਨੀ ਕਰ ਰਹੇ ਸਨ।ਹਰ ਸਾਲ ਕੁਰਬਾਨੀ ਸਾਨੂੰ ਇਹ ਯਾਦ ਦੁਆਉਂਦੀ ਹੈ ਕਿ ਚਾਹੇ ਹਾਲਾਤ ਕੁੱਝ ਵੀ ਹੋਣ, ਸਾਨੂੰ ਰੱਬ ਦੀ ਨਾਫੁਰਮਾਨੀ (ਹੁਕਮ ਦੇ ਉਲਟ) ਅਤੇ ਬੁਰਾਈਆਂ ਦੇ ਵਿਰੁੱਧ ਹਰ ਕਿਸਮ ਦੀ ਕੁਰਬਾਨੀ ਦੇਣ ਤੋਂ ਝਿਜਕ ਨਹੀਂ ਕਰਨੀ ਚਾਹੀਦੀ।ਇਤਿਹਾਸ ਤੋਂ ਸਾਬਿਤ ਹੈ ਕਿ ਬਿਨਾਂ ਕੁਰਬਾਨੀ ਕੀਤਿਆਂ ਕੁੱਝ ਵੀ ਹੱਥ ਨਹੀਂ ਆਉਂਦਾ ਅਤੇ ਨਾ ਹੀ ਆਵੇਗਾ।

ਅਸੀਂ ਸੰਸਾਰ ਰੂਪੀ ਇਮਤਿਹਾਨਗ਼ਾਹ (ਪ੍ਰੀਖਿਆ ਭਵਨ) ਵਿੱਚ ਹਾਂ ਅਤੇ ਅੱਜ ਵੀ ਡਾ. ਇਕਬਾਲ ਅਨੁਸਰ :
“ਆਗ ਹੈ, ਨਮਰੂਦ ਹੈ, ਔਲਾਦ-ਏ-ਇਬਰਾਹੀਮ ਹੈ,
ਕਿਆ ਕਿਸੀ ਕੋ ਫਿਰ ਕਿਸੀ ਕਾ ਇਮਤਿਹਾਨ ਮਕਸੂਦ ਹੈ?”

ਲੇਖਕ : ਪ੍ਰਿੰਸੀਪਲ ਯਾਸੀਨ ਅਲੀ
ਮੁਹੱਲਾ ਭੁਮਸੀ, ਮਾਲੇਰਕੋਟਲਾ

mob. 092565-57957                                               email : yasinmalerkotla@gmail.com

LEAVE A REPLY

Please enter your comment!
Please enter your name here