ਮੇਰੀ ਡਾਇਰੀ ਦਾ ਪੰਨਾ – ਜਦੋਂ ਬੇਰਿਦਮਾਂ ਵਕਤ ਹੋਇਆ ਰਿਦਮ ‘ਚ

0
1321

-ਗੁਰਪ੍ਰੀਤ ਡੈਨੀ

ਸਾਲ 2014 ਦੇ ਦਿਨ ਸੀ। ਜਦੋਂ ਬੰਦਾ ਸਕੂਲ ਵਿਚ ਦੇਖੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਕਾਲਜ ਦੀ ਛਾਂ ਹੇਠ ਜਾਂਦਾ ਹੈ। ਬਿਲਕੁਲ ਨਵਾਂ ਮਾਹੌਲ, ਅਜਨਬੀ ਦੋਸਤ ਤੇ ਅਧਿਆਪਕ। ਗੱਲ ਡੀਏਵੀ ਕਾਲਜ ਜਲੰਧਰ ਦੀ ਹੈ। ਪਹਿਲਾ ਹੀ ਦਿਨ ਸੀ। ਇਕ ਦਰਖ਼ਤ ਥੱਲੇ ਪੰਜ ਸੱਤ ਮੁੰਡੇ ਤੇ ਦੋ ਕੁੜੀਆਂ ਖੜ੍ਹੀਆਂ ਸਨ, ਉਹ ਆਪਣੀ ਕਲਾਸ ਇਵੇਂ ਲੱਭ ਰਹੀਆਂ ਸੀ, ਜਿਵੇਂ ਪਿੰਡਾਂ ‘ਚ ਕੁੰਡੀ ਵਾਲੇ ਵਿਦੇਸ਼ੋ ਆਇਆ ਪੈਸਾ ਦੇਣ ਲਈ ਘਰਾਂ ਦਾ ਪਤਾ ਪੁੱਛਦੇ ਇਕ ਗਲੀਓ ਨਿਕਲ ਦੂਜੀ ‘ਚ ਵੜਦੇ ਨੇ। ਇਸ ਟੋਲੀ ਵਿਚ ਇਕ ਮੁੰਡਾ ਖੜ੍ਹਾ ਸੀ, ਇਸ ਦਾ ਪਹਿਰਾਵਾ ਮੈਨੂੰ ਸੋਹਣਾ ਲੱਗਿਆ। ਵਾਲ ਗਿੱਚੀ ਤੋਂ ਥੱਲੇ, ਪੈਰਾਂ ਵਿਚ ਰਾਈਟਰ ਸਲਿੱਪਰ ਤੇ ਪਿੰਡੇ ਕੁੜਤਾ ਪਾਇਆ ਹੋਇਆ ਸੀ। ਇਵੇਂ ਦੇ ਲੋਕ ਮੈਂ ਦੂਰਦਰਸ਼ਨ ‘ਤੇ ਕਲਾਸੀਕਲ ਸੰਗੀਤ ਗਾਉਂਦੇ ਦੇਖੇ ਸਨ। ਮੈਂ ਉਸ ਨੂੰ ਬੁਲਾਇਆ “ਕੀ ਹਾਲ ਭਾਅ ਜੀ ਨਾਮ ਕੀ ਹੈ ਤੁਹਾਡਾ, “ਸ਼ਿਵਾਕਰ ਮਹਿਰਾ” ਉਹ ਬੜੀ ਹਲੀਮੀ ਨਾਲ ਬੋਲਿਆ। ਉਸੇ ਹੀ ਠੰਢੀ ਤਾਸੀਰ ਦੀ ਭਾਸ਼ਾ ਨਾਲ ਉਸ ਮੇਰਾ ਨਾਮ ਪੁੱਛਿਆ, ਮੈਂ ਕਿਹਾ ਡੈਨੀ, ਉਸ ਆਪਣੀਆਂ ਅੱਖਾਂ ਦੇ ਝੰਮਣ ਜ਼ਰਾ ਉਤਾਹ ਚੁੱਕੇ ਤੇ ਇਕ ਕਦਮ ਪਿੱਛੇ ਹੋ ਗਿਆ, ਮੈਨੂੰ ਆਪਣਾ ਨਾਮ ਦੱਸਦੇ ਨੂੰ ਕਈ ਵਾਰ ਹਾਸਾ ਆਉਂਦਾ ਹੈ। ਅਜਿਹਾ ਹੀ ਹਾਸਾ ਮੈਂ ਉਸ ਅੱਗੇ ਵੀ ਹੱਸਿਆ। ਹੁਣ ਉਸ ਨੇ ਆਪਣਾ ਹੱਥ ਮੇਰੇ ਵੱਲ ਵਧਾਇਆ, ਮੇਰੇ ਖੁਦਰੇ ਜਿਹੇ ਰੱਟਣਾ ਵਾਲੇ ਹੱਥ ਉਸ ਦੇ ਨਰਮ ਹੱਥਾਂ ‘ਤੇ ਜਿਵੇਂ ਸੂਈਂ ਵਾਂਗ ਚੁੰਭੇ ਹੋਣ। ਇਹ ਅਹਿਸਾਸ ਮੈਨੂੰ ਉਸਦੀਆਂ ਨਰਮ ਉਂਗਲਾਂ ਨੇ ਕਰਵਾ ਦਿੱਤਾ ਸੀ।

ਪੰਜ ਕੁ ਲੈਕਚਰ ਲੱਗ ਚੁੱਕੇ ਸਨ, ਛੇਵੇਂ ਲੈਕਚਰ ਦੀ ਉਡੀਕ ਸੀ। ਸ਼ਿਵਕਾਰ ਮੇਰੇ ਨਾਲ ਹੀ ਖੜਾ ਸੀ। ਉਸ ਵੱਲ ਦੋ–ਤਿੰਨ ਮੁੰਡੇ ਆਏ ਤੇ ਕਹਿਣ ਲੱਗੇ ਮਿਊਜ਼ਿਕ ਕਲਾਸ ਕਿੱਧਰ ਹੈ ਭਾਅ ਜੀ, ਸ਼ਿਵਾਕਰ ਨੇ ਕਿਹਾ ਮੈਂ ਵੀ ਉਹੀਂ ਲੱਭ ਰਿਹਾ। ਮੈਂ ਉਸ ਦੇ ਕੰਨ ਵਿਚ ਹੌਲੀ ਜਿਹੇ ਕਿਹਾ, ਕੀ ਗਾਉਂਦੇ ਹੋ ਚਮਕੀਲਾ ਕੇ ਰੰਗੀਲਾ ਉਹ ਹੱਸਿਆ ਤੇ ਕਹਿਣ ਲੱਗਾ, ਨਾ ਮੈਂ ਚਮਕੀਲਾ ਗਾਉਂਦਾ ਤੇ ਨਾ ਹੀ ਰੰਗੀਲਾ ਮੈਂ ਤਬਲਾਵਾਦਕ ਹਾਂ। ਹੁਣ ਉਹ ਆਪਣੀ ਮਿਊਜ਼ਿਕ ਦੀ ਕਲਾਸ ਲਾਉਣ ਚਲਾ ਗਿਆ ਸੀ।

ਮੁਲਾਕਾਤ ਕਰਨ ਸਮੇਂ ਦੀ ਤਸਵੀਰ।

ਕਾਲਜ ਦੇ ਤਿੰਨ ਕੁ ਮਹੀਨੇ ਬੀਤ ਚੁੱਕੇ ਸਨ। ਮੈਂ ਲੈਕਚਰ ਨਾ ਲਗਾਉਂਦਾ ਤੇ ਨਾ ਹੀ ਮੈਨੂੰ ਪ੍ਰੋਫੈਸਰ ਚੰਗੇ ਲੱਗਦੇ। ਇਕ ਕਮਰੇ ਵਿਚ ਯੂਥ ਫੈਸਟੀਵਲ ਦੀ ਤਿਆਰੀ ਹੋ ਰਹੀ ਸੀ। ਕਮਰੇ ਵਿਚੋਂ ਆਵਾਜ਼ਾਂ ਆਉਣ “ ਧਾ ਧਿੰਨਾਂ ਧਾ ਤਿਨਾਂ ਆਵਾਜ਼ ਸ਼ਿਵਾਕਰ ਦੀ ਸੀ। ਮੈਂ ਉਸ ਨੂੰ ਪੁੱਛਿਆ ਇਹ ਕੀ ਹੈ “ਇਹ ਤਬਲੇ ਦੀ ਦਾਦਰਾਂ ਤਾਲ ਹੈ ਛੇ ਮਾਤਰਾਂ। ਸਾਰੇ ਗਵਾਈਏ ਉਸ ਦੁਆਲੇ ਬੈਠੇ ਸਨ, ਜਿਵੇਂ ਉਹ ਕੋਈ ਬਹੁਤ ਵੱਡਾ ਉਸਤਾਦ ਹੋਵੇ। ਯੂਥ ਫੈਸਟੀਵਲ ਦਾ ਦਿਨ ਆਇਆ ਤੇ ਸ਼ਿਵਾਕਰ ਨੇ ਬੱਲੇ-ਬੱਲੇ ਕਰਵਾ ਦਿੱਤੀ, ਉਸ ਨੇ ਫਸਟ ਪੁਜੀਸ਼ਨ ਹਾਸਲ ਕੀਤੀ। ਕਮਾਲ ਦਾ ਤਬਲਾ ਪਲੇਅ ਕਰਦਾ ਹੈ ਉਹ, ਉਸ ਦੀਆਂ ਉਂਗਲਾਂ ਵਿਚ ਕੋਈ ਰੂਹਾਨੀ ਜਾਦੂ ਹੈ। ਉਸ ਨੇ ਮੈਨੂੰ ਆਪਣੀ ਯੂਥ ਫੈਸਟੀਵਲ ਦੀ ਵੀਡੀਓ ਦਿਖਾਈ ਜਿਸ ਵਿਚ ਉਹ ਮਗਨ ਹੋਇਆ ਤਬਲਾ ਵਜਾ ਰਿਹਾ ਹੈ। ਸਿਰ ਹਿਲ ਰਿਹਾ ਹੈ, ਵਾਲ ਮੱਥੇ ਤੋਂ ਕੰਨਾ ਵੱਲ ਨੂੰ ਜਾ ਰਹੇ ਇਵੇਂ ਲੱਗ ਰਹੇ ਨੇ ਜਿਉਂ ਸਾਹਮਣੇ ਬੈਠੇ ਸਰੋਤਿਆਂ ਨੂੰ ਪੱਖੀ ਝੱਲ ਰਹੇ ਹੋਣ। ਤਾੜੀ ‘ਤੇ ਤਾੜੀ ਵੱਜ ਰਹੀਂ ਹੈ, ਵੱਡੇ ਲੋਕ ਵਾਹ-ਵਾਹ ਕਰ ਰਹੇ ਨੇ। ਅਸੀਂ ਅਜੇ ਵੀਡੀਓ ਦੇਖ ਤੁਰਨ ਹੀ ਲੱਗੇ ਸਾਂ ਤਾਂ ਦੋ ਤਿੰਨ ਕੁੜੀਆਂ ਸਾਡੇ ਕੋਲੋਂ ਦੀ ਲੰਘੀਆਂ। ਉਹਨਾਂ ਵਿਚੋਂ ਇਕ ਕੁੜੀ ਨੇ ਸ਼ਿਵਾਕਰ ਵੱਲ ਮੁੜ ਕੇ ਘੱਟੋ-ਘੱਟ ਪੰਜ ਸੱਤ ਵਾਰ ਤੱਕਿਆ, ਮੈਂ ਉਸ ਨੂੰ ਕਿਹਾ ਲੈ ਬਾਈ ਤੇਰੇ ਤਾਂ ਭਾਗ ਖੁੱਲ੍ਹ ਗਏ ਪਰ ਉਹ ਖੁਸ਼ ਨਾ ਹੋਇਆ। ਕਿਉਂਕਿ ਉਸ ਦੀਆਂ ਅੱਖਾਂ ਵਿਚ ਉਸ ਕੁੜੀ ਨਾਲੋਂ ਕਿਤੇ ਸੋਹਣੇ ਸੁਪਨੇ ਤੈਰ ਰਹੇ ਸੀ।

ਉਸਤਾਦ ਤਬਲਾਵਾਦਕ ਜਾਕਿਰ ਹੁਸੈਨ ਨਾਲ ਸ਼ਿਵਾਕਰ ਮਹਿਰਾ।

ਸਮਾਂ ਬੀਤਦਾ ਗਿਆ ਮੈਂ ਅੱਧ ਪੱਕੀ ਕੋਆਸੀ ਪੜ੍ਹਾਈ ਤੋਂ ਅੱਕਿਆ ਪੜ੍ਹਾਈ ਛੱਡ ਗਿਆ। ਪਰ ਮੇਰੇ ਅੰਦਰ ਸ਼ਿਵਾਕਰ ਦਾ ਔਰਾ ਕਿਤੇ ਖੱਲ ਖੂੰਜੇ ਲੱਗ ਗਿਆ ਉਹ ਲੱਗਣਾ ਸੁਭਾਵਿਕ ਹੀ ਸੀ ਕਿਉਂਕਿ ਉਹ ਆਰਟਿਸਟ ਬੰਦਾ ਸੀ। ਅੱਜ ਮੈਂ ਪੱਤਰਕਾਰ ਹਾਂ ਸੁਖ਼ਨਵਰ ਤੇ ਆਰਟਿਸਟ ਬੰਦਿਆਂ ਨਾਲ ਮੁਲਾਕਾਤਾਂ ਕਰਦਾ ਰਹਿੰਦਾ ਹਾਂ। ਮੈਨੂੰ ਬੈਠੇ-ਬੈਠੇ ਸ਼ਿਵਾਕਰ ਦਾ ਖਿਆਲ ਆਇਆ ਮੈਂ ਉਸ ਤੋਂ ਸਮਾਂ ਲੈ ਮੁਲਾਕਾਤ ਕਰਨ ਲਈ ਚਲਿਆ ਗਿਆ। ਵੱਡੇ ਲੋਕ ਕਿਹੜੇ ਸੌਖੇ ਲੱਭਦੇ ਨੇ ਮੈਂ ਰਾਮਾ ਮੰਡੀ ਜਲੰਧਰ ਦੇ ਪੁਲ ਉਪਰ ਡੌਰ ਭੌਰ ਹੋਇਆ ਘੁੰਮੀ ਜਾਵਾਂ। ਬਾਅਦ ਵਿਚ ਸ਼ਿਵਾਕਰ ਮੈਨੂੰ ਰੋਡ ਤੋਂ ਆ ਕੇ ਆਪਣੇ ਸਟੂਡੈਂਟਸ ਕੋਲ ਲੈ ਗਿਆ ਜਿਹਨਾਂ ਨੂੰ ਉਹ ਤਬਲਾ ਸਿਖਾਉਂਦਾ ਹੈ। ਮੈਂ ਚਾਹ ਪੀਂਦੇ-ਪੀਂਦੇ ਆਪਣਾ ਪਹਿਲਾਂ ਸਵਾਲ ਪੁੱਛਿਆ “ਸ਼ਿਵਾਕਰ ਸੰਗੀਤ ਵਿਚ ਰੁਚੀ ਕਿਵੇਂ ਪੈਦਾ ਹੋਈ?” ਸੁਣੋਂ ਫਿਰ ਭਾਅ ਜੀ ਮੇਰੀ ਜ਼ਿੰਦਗੀ ਦੀ ਕਹਾਣੀ

ਮੇਰੇ ਪਿਤਾ ਜੀ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਘਰ ਵਿਚ ਅੰਤਾਂ ਦੀ ਗਰੀਬੀ, ਘਰ ਵਿਚ ਸਭ ਤੋਂ ਵੱਡੇ ਸਨ ਪਿਤਾ ਜੀ, ਸਾਰਾ ਭਾਰ ਉਹਨਾਂ ਦੇ ਮੋਢਿਆਂ ‘ਤੇ ਆ ਗਿਆ। ਗਰੀਬੀ ਮੋਢਿਆ ‘ਤੇ ਚੜ੍ਹ ਗਾਉਣਾ ਸ਼ੁਰੂ ਕਰਨ ਲੱਗੀ ਤੇ ਮੇਰੇ ਪਿਤਾ ਜੀ ਦੇ ਅੰਦਰਲਾ ਸੰਗੀਤ ਮੱਧਮ ਪੈ ਗਿਆ ਪਰ ਬੇਸੁਰਾ ਨਾ ਹੋਇਆ। ਹੁਣ ਪਿਤਾ ਜੀ ਕੱਪੜੇ ਸਿਉਂਦੇ। ਉਹਨਾਂ ਦੀ ਮਸ਼ੀਨ ਸੁਰ ਵਿਚ ਬੋਲਦੀ ਤੇ ਰਿਦਮ ਵਿਚ ਚੱਲਦੀ। ਉਹ ਆਪਣੇ ਸ਼ੌਕ ਨੂੰ ਆਪਣੇ ਕਿੱਤੇ ਵਿਚੋਂ ਦੀ ਦੇਖਣ ਲੱਗੇ। ਜਦ ਕੋਈ ਕੁੜਤਾ ਸਿਉਂ ਕੇ ਉਸ ਨੂੰ ਪ੍ਰੈਸ ਕਰਦੇ ਤਾਂ ਕੁੜਤਾ ਇਕਦਮ ਸੁਰ ਵਿਚ ਹੁੰਦਾ। ਮੈਂ 10 ਸਾਲ ਦਾ ਹੋਇਆ ਇਕ ਦਿਨ ਪਿਤਾ ਜੀ ਨੇ ਮੈਨੂੰ ਪੁੱਛਿਆ ਤੈਨੂੰ ਸੰਗੀਤ ਵਿਚ ਰੁਚੀ ਹੈ ਤਾਂ ਮੈਂ ਕੋਈ ਜਵਾਬ ਨਾ ਦਿੱਤਾ।

ਸ਼ਿਵਾਕਰ ਆਪਣੇ ਮੈਡਲਾਂ ਨਾਲ।

ਜਲੰਧਰ ਦੇਵੀ ਤਲਾਬ ਮੰਦਰ ਵਿਚ ਇਕ ਹਰਿਵੱਲਭ ਸੰਗੀਤ ਸੰਮੇਲਨ ਹੁੰਦਾ ਹੈ, ਪਿਤਾ ਜੀ ਮੈਨੂੰ ਉੱਥੇ ਹਰ ਸਾਲ ਲਿਜਾਂਦੇ। ਉੱਥੇ ਦੁਨੀਆਂ ਦੇ ਵੱਡੇ-ਵੱਡੇ ਕਲਾਸੀਕਲ ਕਲਾਕਾਰ ਆਉਂਦੇ। ਸਾਰਾ ਮਾਹੌਲ ਸੁਰ, ਤਾਲ ਵਿਚ ਹੁੰਦਾ। ਫਿਰ ਜਦ ਮੇਰਾ ਧਿਆਨ ਸੰਗੀਤ ਵੱਲ ਖਿੱਚਿਆ ਗਿਆ ਤਾਂ ਜਲੰਧਰੋਂ ਹੀ ਪੰਡਿਤ ਕਾਲੇ ਰਾਮ ਜੀ ਬਹੁਤ ਵੱਡੇ ਉਸਤਾਦ ਨੇਉਹਨਾਂ ਕੋਲੋਂ ਮੈਨੂੰ ਤਬਲਾ ਸਿੱਖਣ ਲਈ ਭੇਜਣ ਲੱਗ ਪਏ। ਹੌਲੀ-ਹੌਲੀ ਰੁੱਤਾਂ ਬਦਲਦੀਆਂ ਗਈਆਂ। ਕਈ ਸਰਦੀਆਂ-ਗਰਮੀਆਂ ਮੇਰੇ ਪਿੰਡੇ ਵਿਚੋਂ ਦੀ ਲੰਘੀਆਂ। ਪਿਤਾ ਜੀ ਕਈ ਵਾਰ ਤਾਂ ਹਫਤਾ-ਹਫਤਾ ਦੁਕਾਨ ਦਾ ਸ਼ਟਰ ਸੁੱਟ ਮੇਰਾ ਰਿਆਜ਼ ਕਰਵਾਉਣ ਲਈ ਮੇਰੇ ਨਾਲ ਜਾਂਦੇ। ਲੋਕ ਕੱਪੜੇ ਲੈਣ ਲਈ ਦੁਕਾਨ ‘ਤੇ ਆਉਂਦੇ ਤਾਂ ਤਾਲਾ ਲੱਗਾ ਦੇਖ ਮੁੜ ਜਾਂਦੇ। ਪਿਤਾ ਜੀ ਨੂੰ ਰੋਟੀ ਦੀ ਭੁੱਖ ਨਹੀਂ ਲੈਅ-ਤਾਲ ਦੀ ਭੁੱਖ ਲੱਗਦੀ ਸੀ। ਉਹਨਾਂ ਦੇ ਸੁਪਨੇ ਨੂੰ ਬੂਰ ਉਸ ਵੇਲੇ ਪਿਆ ਜਦੋਂ ਮੈਂ ਹਰਿਵੱਲਭ ਸੰਗੀਤ ਸੰਮੇਲਨ ਵਿਚ ਜੂਨੀਅਰ ਹੁੰਦੇ ਹੋਏ ਸੀਨੀਅਰ ਕੈਟਾਗਰੀ ਵਿਚ ਭਾਗ ਲਿਆ। ਘਟਨਾ ਭਾਅ ਜੀ ਇਉਂ ਵਾਪਰੀ, ਇਕ ਮਿੰਟ ਮੈਨੂੰ ਪਾਣੀ ਪੀ ਲੈਣ ਦਿਉ ਸੰਘਰਸ਼ ਦੱਸਣਾ ਕਿਹੜਾ ਸੌਖਾ, ਪਿੰਡਾ ਛਿੱਲਣ ਵਰਗੀ ਪ੍ਰਕਿਰਿਆ ਹੈ। ਹਾਂ ਮੈਂ ਗੱਲ ਦੱਸਣ ਲੱਗਾ ਸੀ ਆਪਣੀ, ਉਹਨੇ ਪਾਣੀ ਦਾ ਗਲਾਸ ਥੱਲੇ ਰੱਖਦੇ ਕਿਹਾ, 500 ਰੁਪਏ ਸੀਨੀਅਰ ਤੇ 200 ਰੁਪਏ ਜੂਨੀਅਰ ਕੈਟਾਗਰੀ ਦੀ ਫੀਸ ਸੀ। ਮੈਨੂੰ ਆਪਣੇ ਰਿਆਜ਼ ਉੱਤੇ ਭਰੋਸਾ ਸੀ। ਮੈਂ ਪਿਤਾ ਜੀ ਨੂੰ ਕਿਹਾ ਕਿ ਮੈਂ ਸੀਨੀਅਰ ਵਿਚ ਭਾਗ ਲੈਣਾ ਹੈ, ਪਿਤਾ ਜੀ ਨੇ ਗੁੱਸੇ ਹੁੰਦੇ ਕਿਹਾ ਨਹੀਂ ਤੂੰ ਜੂਨੀਅਰ ਹੈ ਸੀਨੀਅਰ ਵਾਲਿਆਂ ਨਾਲ ਕਿਵੇਂ ਮੁਕਾਬਲਾ ਕਰੇਗਾ। ਮੈਂ ਆਪਣੀ ਅੜੀ ‘ਤੇ ਅੜਿਆ ਰਿਹਾ ਤੇ 500 ਰੁਪਏ ਦੋਸਤਾਂ ਮਿੱਤਰਾਂ ਤੋਂ ਲੈ ਕੇ ਪੂਰੇ ਕਰ ਲਏ ਤਾਂ ਸੀਨੀਅਰ ਵਿਚ ਆਪਣਾ ਨਾਮ ਦਰਜ ਕਰਵਾ ਦਿੱਤਾ। ਮੇਰੀ ਵਾਰੀ ਆਈ ਮੈਂ ਆਪਣੇ ਗੁਰੂ ਪੰਡਿਤ ਕਾਲੇ ਰਾਮ ਜੀ ਦੀ ਵਿੱਦਿਆ ਨੂੰ ਯਾਦ ਕੀਤਾ ਤੇ ਤਬਲਾ ਪਲੇਅ ਕਰਨਾ ਸ਼ੁਰੂ ਕਰ ਦਿੱਤਾ ਮੈਂ ਕੀ ਵਜਾਇਆ ਇਸਦਾ ਫੈਸਲਾ ਤਾਂ ਵੱਡੇ ਉਸਤਾਦ ਲੋਕਾਂ ਕਰਨਾ ਸੀ। ਹੁਣ ਵਾਰੀ ਨਤੀਜੇ ਦੀ ਸੀ, ਪਹਿਲਾਂ ਤੀਜੇ ਪੁਜ਼ੀਸਨ ਵਾਲੇ ਦਾ ਨਾਮ ਬੋਲਿਆ ਗਿਆ, ਫਿਰ ਦੂਜੀ ਵਾਲੇ ਦਾ, ਮੇਰੀਆਂ ਅੱਖਾਂ ਭਰ ਆਈਆਂ ਕੀ ਮੇਰਾ ਤਾਂ ਨਾਮ ਨਹੀਂ ਆਇਆ। ਮੈਂ ਆਪਣੇ ਬੂਟ ਚੁੱਕੇ ਤੇ ਦੇਵੀ ਤਲਾਬ ਮੰਦਰ ਦੇ ਗੇਟ ‘ਤੇ ਆ ਗਿਆ ਪਿੱਛਿਓ ਮੇਰੇ ਕੰਨਾਂ ਵਿਚ ਇਕ ਆਵਾਜ਼ ਪਈ ਮੈਨੂੰ ਭਾਅ ਜੀ ਮਹਿਰਾ ਹੀ ਸੁਣਿਆ, ਮੈਂ ਪਹਿਲੀਂ ਪੁਜ਼ੀਸਨ ਹਾਸਲ ਕੀਤੀ ਸੀ। ਭਾਅ ਜੀ ਤੁਸੀਂ ਸੱਚ ਜਾਣਿਓ ਮੇਰੀਆਂ ਅੱਖਾਂ ਭਰ ਆਈਆਂ ਮੈਂ ਜੂਨੀਅਰ ਹੁੰਦੇ ਹੋਏ ਸੀਨੀਅਰ ਲੋਕਾਂ ਵਿਚੋਂ ਫਸਟ ਆਇਆ ਸਾਂ। ਘਰ ਆਇਆ ਪਿਤਾ ਜੀ ਨੂੰ ਦੱਸਿਆ ਉਹਨਾਂ ਦੇ ਚਿਹਰੇ ‘ਤੇ ਅਲੱਗ ਨੂਰ ਸੀ। ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਸੀ। ਉਹਨਾਂ ਦੇ ਮੋਢਿਆਂ ਤੋਂ ਗਰੀਬੀ ਝੜ ਗਈ ਸੀ। ਸਵੇਰੇ ਅਖਬਾਰਾਂ ਵਿਚ ਛਪਿਆ “ਛੋਟਾ ਜਾਕਿਰ ਹੁਸੈਨ ਕਹਿਤੇ ਹੈਂ ਸ਼ਿਵਾਕਰ ਕੋ” ਭਾਅ ਜੀ ਹੁਣ ਕੱਪੜੇ ਸੀਣ ਵਾਲੇ ਦਾ ਪੁੱਤ ਆਰਟਿਸਟ ਬਣ ਗਿਆ ਸੀ। ਇਹ ਸ਼ਬਦ ਕਹਿੰਦੇ ਉਸ ਦੀ ਅੱਖਾਂ ਵਿਚ ਮੈਨੂੰ ਹੰਝੂ ਤਰਦੇ ਦਿਸੇ। ਮੈਂ ਅੱਗੇ ਕੋਈ ਸਵਾਲ ਨਾ ਪੁੱਛ ਸਕਿਆ ਇਕ ਸਵਾਲ ਦਾ ਇੰਨਾ ਵੱਡਾ ਉਤਰ ਉਫ਼। ਮੁਲਾਕਾਤ ਖ਼ਤਮ ਹੋਈ ਤਾਂ ਖਾਣਾ ਆ ਗਿਆ, ਉਹ ਵੀ ਪੂਰਾ ਸੁਰ, ਰਿਦਮ ਵਿਚ। ਮੈਨੂੰ ਦਿੱਲੀ ਵਾਲੇ ਅਕਰਮ ਖਾਨ ਚੇਤੇ ਆ ਗਏ ਜਿਹਨਾਂ ਦਾ ਤਬਲਾ ਮੈਂ ਦੋ ਦਿਨ ਉਹਨਾਂ ਦੇ ਕੋਲ ਬੈਠ ਸੁਣਿਆ ਸੀ। ਅੱਜਕੱਲ੍ਹ ਸ਼ਿਵਾਕਰ ਮਹਿਰਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਸੋਲੋਂ ਤਬਲੇ ਦਾ ਪ੍ਰੋਫੈਸਰ ਹੈ, ਤੇ ਉਸਦਾ ਪਿਤਾ ਇਕ ਆਰਟਿਸਟ ਦਾ ਬਾਪ ਹੈ।

(ਗੁਰਪ੍ਰੀਤ ਡੈਨੀ ਨਾਲ 9779250653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ)  

LEAVE A REPLY

Please enter your comment!
Please enter your name here