ਸਕੂਲਾਂ ਵਲੋਂ ਫੀਸਾਂ ਮੰਗਣ ਦੇ ਖਿਲਾਫ ਖੂਨ ਨਾਲ ਮੰਗ-ਪੱਤਰ ਲਿਖ ਕੇ ਸਰਕਾਰ ਨੂੰ ਭੇਜਿਆ

0
1273

ਲੁਧਿਆਣਾ (ਸੰਦੀਪ ਮਾਹਨਾ). ਪੰਜਾਬ ਦੇ ਵਿੱਚ ਲਗਾਤਾਰ ਸਿੱਖਿਆ ਵਿਭਾਗ ਸਕੂਲਾਂ ਨੂੰ ਫੀਸਾਂ ਲੈਣ ਤੋਂ ਮਨ੍ਹਾ ਕਰ ਰਿਹਾ ਹੈ, ਸਿਰਫ ਆਨਲਾਈਨ ਟਿਊਸ਼ਨ ਫੀਸ ਅਦਾ ਕਰਨ ਦੀ ਹੀ ਗੱਲ ਕਹੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਕੁਝ ਨਿੱਜੀ ਸਿੱਖਿਅਕ ਅਦਾਰੇ ਸਕੂਲੀ ਵਿਦਿਆਰਥੀਆਂ ਤੋਂ ਲਗਾਤਾਰ ਫੀਸ ਦੀ ਮੰਗ ਕਰ ਰਹੇ ਹਨ। ਜਿਸ ਦੇ ਵਿਰੋਧ ਵਿੱਚ ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਕੁਝ ਸਕੂਲੀ ਵਿਦਿਆਰਥੀਆਂ ਦੇ ਨਾਲ ਆ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਾ ਲੈਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਖੂਨ ਦੇ ਨਾਲ ਲਿਖਿਆ ਇੱਕ ਪੱਤਰ ਵੀ ਲੁਧਿਆਣਾ ਦੇ ਏਡੀਸੀ ਨੂੰ ਸੌਂਪਿਆ ਗਿਆ।

ਲੋਕ ਇੰਨਸਾਫ ਪਾਰਟੀ ਦੇ ਮੁੱਖ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਲੋਕ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਰਕੇ ਪਰੇਸ਼ਾਨ ਹਨ। ਉਨ੍ਹਾਂ ਦੇ ਕੰਮ ਕਾਰ ਬੰਦ ਹਨ। ਉੱਥੇ ਹੀ ਦੂਜੇ ਪਾਸੇ ਕੁਝ ਸਿੱਖਿਅਕ ਅਦਾਰੇ ਅਤੇ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਦੀ ਮੰਗ ਕਰ ਰਹੇ ਹਨ। ਜਦਕਿ ਅਜਿਹੇ ਹਾਲਾਤਾਂ ਦੇ ਵਿੱਚ ਕਿਸੇ ਨੂੰ ਜਦੋਂ ਕੋਈ ਆਮਦਨ ਹੀ ਨਹੀਂ ਹੈ ਤਾਂ ਉਹ ਸਕੂਲਾਂ ਦੀ ਫੀਸ ਕਿਵੇਂ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਏਡੀਸੀ ਨੂੰ ਉਨ੍ਹਾਂ ਨੇ ਖ਼ੂਨ ਨਾਲ ਲਿਖਿਆ ਮੰਗ ਪੱਤਰ ਸੌਂਪਿਆ ਹੈ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਅਤੇ ਉਹ ਸਕੂਲੀ ਵਿਦਿਆਰਥੀਆਂ ਦੀਆਂ ਫ਼ੀਸਾਂ ਮੁਆਫ਼ ਕਰ ਸਕੇ।