ਬੀਜੇਪੀ ਲੀਡਰ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨਾਂ ‘ਤੇ ਦਰਜ FIR ਹੋਵੇਗੀ ਰੱਦ, ਹੁਸ਼ਿਆਰਪੁਰ ਪੁਲਿਸ ਨੇ ਮੰਨੀ ਕਿਸਾਨਾਂ ਦੀ ਮੰਗ

0
19941

ਅਮਰੀਕ ਕੁਮਾਰ | ਹੁਸ਼ਿਆਰਪੁਰ

ਦਿੱਲੀ ਮੋਰਚੇ ’ਤੇ ਬੈਠੇ ਕਿਸਾਨਾਂ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਬੀਜੇਪੀ ਲੀਡਰ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਦੇ ਮਾਮਲੇ ਵਿੱਚ ਕਿਸਾਨਾਂ ’ਤੇ ਦਰਜ ਐਫਆਈਆਰ ਰੱਦ ਕੀਤੀ ਜਾਵੇਗੀ।

ਕੁੱਝ ਕਿਸਾਨਾਂ ਨੇ ਬੀਤੇ ਦਿਨੀਂ ਤੀਕਸ਼ਨ ਸੂਦ ਦੇ ਘਰ ਗੋਹਾ ਸੁੱਟ ਦਿੱਤਾ ਸੀ। ਸੂਦ ਦੀ ਸ਼ਿਕਾਇਤ ’ਤੇ ਪੁਲਿਸ ਨੇ ਕਿਸਾਨਾਂ ’ਤੇ ਗੈਰ ਇਰਾਦਤਨ ਹਤਿਆ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ।

ਸੋਮਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਡੀਸੀ ਹੁਸ਼ਿਆਰਪੁਰ ਦੇ ਦਫਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਤਾਂ ਪੁਲਿਸ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਐਫਆਈਆਰ ਰੱਦ ਕਰਨ ਦੀ ਗੱਲ ਆਖੀ।

ਧਰਨੇ ’ਤੇ ਬੈਠੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਐਫਆਈਆਰ ਰੱਦ ਨਹੀਂ ਹੁੰਦੀ ਧਰਨਾ ਨਹੀਂ ਚੁੱਕਿਆ ਜਾਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਤੀਕਸ਼ਣ ਸੂਦ ਖ਼ਿਲਾਫ਼ ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਜਾਵੇ।

ਸਿੰਘੂ ਬਾਰਡਰ ਹੁਸ਼ਿਆਰਪੁਰ ਆਏ ਸੰਯੁਕਤ ਸੰਘਰਸ਼ ਕਮੇਟੀ ਦੇ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਜੋ ਕੋਈ ਵੀ ਕਿਸਾਨਾਂ ਦੀ ਸ਼ਾਨ ਦੇ ਖ਼ਿਲਾਫ਼ ਅਪ-ਸ਼ਬਦ ਵਰਤੇਗਾ ਉਸ ਨੂੰ ਉਸ ਦੀ ਭਾਸ਼ਾ ’ਚ ਹੀ ਜਵਾਬ ਦਿੱਤਾ ਜਾਵੇਗਾ। ਇੱਕ ਪਾਸੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਕੜਾਕੇ ਦੀ ਠੰਢ ’ਚ ਦਿਨ-ਰਾਤ ਜੂਝ ਰਹੇ ਹਨ ਦੂਜੇ ਪਾਸੇ ਅਜਿਹੇ ਆਗੂ ਘਟੀਆ ਬਿਆਨਬਾਜ਼ੀ ਕਰਕੇ ਕਿਸਾਨਾਂ ਦਾ ਮਜ਼ਾਕ ਉਡਾ ਰਹੇ ਹਨ।

ਕਿਸਾਨਾਂ ਦੇ ਰੋਸ ਧਰਨੇ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਵਿਖਾਈ ਦਿੱਤਾ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਕਿਸਾਨਾਂ ਦੇ ਜੱਥੇ ਟ੍ਰਾਲੀਆਂ ਨਾਲ ਧਰਨੇ ਵਿੱਚ ਪਹੁੰਚ ਰਹੇ ਸਨ।

ਧਰਨੇ ਨੂੰ ਵੇਖਦਿਆਂ ਬਾਅਦ ਦੁਪਹਿਰ ਹੁਸ਼ਿਆਰਪੁਰ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦਾ ਭਰੋਸਾ ਦਿੱਤਾ।

ਕਿਸਾਨਾਂ ਦੇ ਵਫ਼ਦ ਨਾਲ ਐਸਪੀ (ਐਚ) ਰਮਿੰਦਰ ਸਿੰਘ, ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ, ਡੀਐਸਪੀ ਗੁਰਪ੍ਰੀਤ ਸਿੰਘ ਗਿੱਲ ਧਰਨਾ ਸਥਾਨ ’ਤੇ ਪਹੁੰਚੇ ਅਤੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ। ਇਸ ਐਲਾਨ ਤੋਂ ਬਾਅਦ ਧਰਨਾ ਖਤਮ ਹੋ ਗਿਆ।

LEAVE A REPLY

Please enter your comment!
Please enter your name here