ਪੰਜਾਬ ‘ਚ ਵੀਕਐਂਡ ਹਟਾਉਣ ਲਈ ਲੱਗ ਰਹੇ ਧਰਨੇ, ਕਈ ਥਾਈਂ ਖੁੱਲ੍ਹੀਆਂ ਦੁਕਾਨਾਂ

0
5725

ਚੰਡੀਗੜ੍ਹ . ਪੰਜਾਬ ਸਰਕਾਰ ਦੇ ਵੀਕਐਂਡ ਲੌਕਡਾਊਨ ਦਾ ਵਿਰੋਧ ਹੋ ਰਿਹਾ ਹੈ।ਅੱਜ ਮੁਹਾਲੀ ਵਿੱਚ ਜਿੱਥੇ ਲੌਕਡਾਊਨ ਦੇ ਬਾਵਜੂਦ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ ਉਥੇ ਹੀ ਗੁਰਦਾਸਪੁਰ ‘ਚ ਦੁਕਾਨਦਾਰਾਂ ਨੇ ਵੀਕਐਂਡ ਲੌਕਡਾਊਨ ਖਿਲਾਫ ਰੋਸ ਪਰਦਰਸ਼ਨ ਵੀ ਕੀਤਾ।ਦੁਕਾਨਦਾਰਾਂ ਦਾ ਆਰੋਪ ਹੈ ਕੇ ਵੀਕਐਂਡ ਲੌਕਡਾਊਨ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਨਾਲ ਠੱਪ ਹੋ ਰਿਹਾ ਹੈ।ਵੀਕਐਂਡ ਤੇ ਹੀ 25 ਫੀਸਦ ਸ਼ਾਪਿੰਗ ਹੁੰਦੀ ਹੈ ਪਰ ਹੁਣ ਸਰਕਾਰ ਦੇ ਵੀਕਐਂਡ ਲੌਕਡਾਊਨ ਨੇ ਉਹ ਵੀ ਖ਼ਤਮ ਕਰ ਦਿੱਤੀ ਹੈ।

ਗੁਰਦਾਸਪੁਰ ਵਿੱਚ ਵਪਾਰੀ ਵਰਗ ਵਲੋਂ ਵੀਕਐਂਡ ਲੌਕਡਾਊਨ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਬਾਜ਼ਾਰਾਂ ‘ਚ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ।

ਪ੍ਰਦਰਸ਼ਨ ਕਰ ਰਹੇ ਇਹਨਾਂ ਕਾਰੋਬਾਰਿਆਂ ਨੇ ਮੰਗ ਰੱਖੀ ਹੈ ਕਿ ਜੋ ਵੀਕਐਂਡ ਲੌਕਡਾਊਨ ਹੈ ਉਸ ਨੂੰ ਖਤਮ ਕੀਤਾ ਜਾਵੇ ਅਤੇ ਸ਼ਨੀਵਾਰ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ।ਜੇਕਰ ਇਹ ਮੰਗਾਂ ਨਹੀਂ ਮੰਨਿਆ ਤਾ ਪੂਰੇ ਹਫ਼ਤੇ ਲਈ ਦੁਕਾਨਾਂ ਨੂੰ ਮੁਕਮਲ ਬੰਦ ਕਰਵਾਇਆ ਜਾਵੇ।

ਗੁਰਦਾਸਪੁਰ ਸ਼ਹਿਰ ‘ਚ ਵਪਾਰ ਮੰਡਲ ਵਲੋਂ ਅੱਜ ਇਕ ਜੁਟ ਹੋ ਵੀਕਐਂਡ ਲੌਕਡਾਊਨ ਦੇ ਵਿਰੋਧ ‘ਚ ਅਵਾਜ਼ ਬੁਲੰਦ ਕੀਤੀ ਗਈ। ਗੁਰਦਾਸਪੁਰ ਦੇ ਵੱਖ ਵੱਖ ਕਾਰੋਬਾਰੀ ਅਤੇ ਦੁਕਾਨਦਾਰਾਂ ਵਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਾਂ ਹੇਠ ਰੋਜ਼ਾਨਾ ਪੁਲਿਸ ਸ਼ਾਮ ਨੂੰ ਉਹਨਾਂ ਦੀਆਂ ਦੁਕਾਨਾਂ ਜ਼ਬਰਦਸਤੀ ਧਮਕੀ ਦੇ ਬੰਦ ਕਰਵਾਉਂਦੀ ਹੈ।

ਜਿਸਦਾ ਉਹ ਵਿਰੋਧ ਕਰਦੇ ਹਨ ਅਤੇ ਇਸ ਦੇ ਨਾਲ ਹੀ ਇਹਨਾਂ ਦੁਕਾਨਦਾਰਾਂ ਨੇ ਮੰਗ ਰੱਖੀ ਹੈ ਕਿ ਵੀਕਐਂਡ ਲੌਕਡਾਊਨ ਖ਼ਤਮ ਹੋਵੇ ਅਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਉਹਨਾਂ ਨੂੰ ਦੁਕਾਨਾਂ ਖੋਲਣ ਦੀ ਇਜਾਜ਼ਤ ਹੋਵੇ ਅਤੇ ਨਾਲ ਹੀ ਜੋ ਸਮਾਂ 7 ਵਜੇ ਤੱਕ ਦਾ ਹੈ ਉਸ ਨੂੰ ਵੀ ਬਦਲ ਕੇ ਸ਼ਾਮ 8 ਵਜੇ ਤੱਕ ਹੋਣਾ ਚਾਹੀਦਾ ਹੈ।

ਵਪਾਰ ਮੰਡਲ ਵਲੋਂ ਜਿਥੇ ਗੁਰਦਾਸਪੁਰ ਬਾਜ਼ਾਰ ‘ਚ ਰੋਸ ਮਾਰਚ ਕੀਤਾ ਗਿਆ ਉਥੇ ਹੀ ਡੀਸੀ ਗੁਰਦਾਸਪੁਰ ਦੇ ਘਰ ਦੇ ਬਾਹਰ ਲੰਬੇ ਸਮੇਂ ਤਕ ਰੋਸ ਵਜੋਂ ਧਰਨਾ ਦਿੱਤਾ ਗਿਆ ਅਤੇ ਜੰਮਕੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਦੁਕਾਨਦਾਰਾਂ ਨੇ ਕਿਹਾ ਉਹ ਮੰਗ ਪੱਤਰ ਦੇਕੇ ਚੱਲੇ ਹਨ ਅਤੇ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਸਮੇਂ ‘ਚ ਆਪਣਾ ਸੰਘਰਸ਼ ਹੋਰ ਤੇਜ ਕਰਨਗੇ।ਦੱਸ ਦੇਈਏ ਕਿ ਕੇਂਦਰ ਨੇ ਰਾਜਾਂ ਨੂੰ ਹਿਦਾਇਤ ਕੀਤੀ ਸੀ ਕੇ ਕੋਈ ਵੀ ਰਾਜ ਬਿਨ੍ਹਾਂ ਕੇਂਦਰ ਦੀ ਮਨਜ਼ੂਰੀ ਦੇ ਲੌਕਡਾਊਨ ਜਾਂ ਕਰਫਿਊ ਨਹੀਂ ਲੱਗਾ ਸਕਦਾ।ਹਿਮਾਚਲ ‘ਚ ਵੀ ਬਿਨ੍ਹਾਂ ਈ- ਪਾਸ ਐਂਟਰੀ ਤੇ ਪਾਬੰਧੀ ਹੈ।