ਸੁਪਨਿਆਂ ਦੇ ਦਸਤਖ਼ਤ’ ਦਾ ਸੁਹਜ ਤੇ ਸੁਪਨ ਸੰਸਾਰ

0
1198

ਡਾ. ਹਰਪ੍ਰੀਤ ਸਿੰਘ

ਗੁਰਪ੍ਰੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ। ਨਾ ਹੀ ਕੁਦਰਤਨ। ਉਸਦਾ ਜਾਣਾ ਇੱਕ ਸੰਭਾਵਨਾ ਅਤੇ ਸਿਰਜਣਾ ਦਾ ਜਾਣਾ ਵੀ ਹੈ। ਉਸਦਾ ਜਾਣਾ ਸਾਡੇ ਵਿੱਚੋਂ ਕਵਿਤਾ ਅਤੇ ਸ਼ਬਦ ਦਾ ਵਿਦਾ ਹੋਣਾ ਵੀ ਹੈ। ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ! ਸ਼ਾਇਦ ਇਸ ਕਰਕੇ ਕਿ ਸਾਡੇ ਬ੍ਰਹਿਮੰਡ ਦੀ ਉਪਜਾਇਕਤਾ ਨੂੰ ਹੁਣ ਕੋਈ ਕੰਟ੍ਰੋਲ ਕਰ ਰਿਹਾ ਹੈ। ਸਾਡੇ ਪੌਣ ਪਾਣੀ, ਸਾਡੇ ਪਰਿਵੇਸ਼, ਸਾਡੇ ਆਬੋ-ਹਵਾ, ਸਾਡੀ ਮਿੱਟੀ ਸਾਡੇ ਖੇਤ-ਖਲਿਆਣ ਵਿਦਾ ਹੋ ਰਹੇ ਹਨ। ਉਹ ਅਸਾਡੇ ‘ਸੀਰ’ ਨੂੰ ਹੋਰ ਨਹੀਂ ਹੰਢਾ ਸਕਦੇ। ਕਿਉਂਕਿ ਸਾਡੀਆਂ ਸਮਾਜਿਕ-ਧਾਰਮਿਕ ਸੰਸਥਾਵਾਂ ਦਾ ਰਵਈਆ ਮਨੁੱਖ ਦੇ ਚੌਗਿਰਦੇ ਨਾਲ ਸਹਿ ਹੋਂਦ ’ਚੋਂ ਉਸਾਰੀ ਕਰਨ ਵਾਲਾ ਨਹੀਂ ਰਿਹਾ। ਨਾ ਹੀ ਅਸੀਂ ਉਸ ਸਪੇਸ ਲਈ ਜੱਦੋ ਜਹਿਦ ਕਰ ਸਕੇ ਹਾਂ। ਇਸ ਕਰਕੇ ਮਨੁੱਖ ਦਾ ਕਿਸੇ ਬਿਮਾਰੀ ਨਾਲ ਬੇਵਕਤੇ ਤੁਰ ਜਾਣਾ ਇੱਕ ਰਾਜਨੀਤਿਕ ਮਸਲਾ ਵੀ ਹੈ। ਇਸਨੂੰ ਵੱਡੇ ਪਰਿਦ੍ਰਿਸ਼ ਵਿੱਚ ਦੇਖਣ ਦੀ ਵੀ ਲੋੜ ਹੈ, ਕਿ ਸਾਡੇ ਕੋਲ ‘ਗੀਤ’ ਵਰਗੀਆਂ ਸਿਰਜਣਾਤਮਕ ਦੇਹਾਂ ਅਤੇ ਰੂਹਾਂ ਖੋਹੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਇਸ ਮਿੱਟੀ ’ਚ ਜੰਮਣ ਦਾ ਸਿੱਟਾ ਭੁਗਤਣਾ ਪਿਆ। ਇਕਹਿਰੇ ਵਿਕਾਸ ਮਾਡਲ, ਕਾਰਪੋਰੇਟੀ ਅਰਥ ਵਿਵਸਥਾ ਨੂੰ ਪੂੰਜੀ-ਸਮਰਾਜ ਨੇ ਜਿਸ ਹੈਂਕੜ ਨਾਲ ਸਿਰੇ ਚਾੜਨਾ ਹੈ ਉਸ ’ਚ ਕਵਿਤਾ ਅਤੇ ਗੀਤ ਦੀ ਕੀ ਹੋਣੀ ਹੋਵੇਗੀ? ਇਹ ਸਾਡੇ ਵੇਲੇ ਦਾ ਸ਼ਾਇਦ ਇੱਕ ਵੱਡਾ ਸਵਾਲ ਹੈ।

ਡਾ. ਨਾਮਵਰ ਸਿੰਘ ਲਿਖਦੇ ਹਨ ‘ਸਿਰਜਣਸ਼ੀਲਤਾ ਸੌਖਾ ਰਾਹ ਛੱਡ ਕੇ ਨਵੇਂ ਰਾਹ ਤਿਆਰ ਕਰਦੀ ਹੈ ਜੋ ਸ਼ਬਦਾਂ ਦੀ ਪ੍ਰੰਪਰਾਗ੍ਰਸਤ ਪੇਸ਼ਕਾਰੀ ਅਤੇ ਬਾਜ਼ਾਰੂ (ਮੰਡੀ ਮੁੱਖ) ਪੇਸ਼ਕਾਰੀ ਇਨ੍ਹਾਂ ਦੋਹਾਂ ਖ਼ਤਰਿਆਂ ਤੋਂ ਬੱਚ ਕੇ ਜੀਵੰਤ ਪੇਸ਼ਕਾਰੀ ਤਾਮੀਰ ਕਰਦੀ ਹੈ। ਇਸ ਲਈ ਇਹ ਸਿਰਜਣਸ਼ੀਲਤਾ ਹੈ।’ (ਕਵਿਤਾ ਕੇ ਨਏ ਪ੍ਰਤਿਮਾਨ) । ਗੁਰਪ੍ਰੀਤ ਗੀਤ ਦੀ ਸਿਰਜਣਸ਼ੀਲਤਾ ਸ਼ਬਦਾਂ ਦੀ ਬਾਜ਼ਾਰੂ ਤੇ ਪ੍ਰੰਪਰਾਗ੍ਰਸਤ ਪੇਸ਼ਕਾਰੀ ਤੋਂ ਸੁਚੇਤ ਰਹੀ ਹੈ। ਇਸ ਕਰਕੇ ਉਸਦੀ ਕਵਿਤਾ ਦੀ ਸਾਰਥਕਤਾ ਵੱਧ ਜਾਂਦੀ ਹੈ।ਅਸੀਂ ਉਸਦੀ ਕਵਿਤਾ ’ਚ ਉਸ Self ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਬਾਰੇ ਗੀਤ ਸੁਚੇਤ ਸੀ। ਸਵੈ ਨੂੰ ਉਹ ਕਿਸ ਤਰ੍ਹਾਂ ਪ੍ਰਗਟ ਕਰਦੀ ਹੈ ਇਹ ਦੇਖਣਾ ਜ਼ਰੂਰੀ ਹੈ। Self-Construct ਕਰਨ ਲਈ ਬਹੁਤ ਕੁਝ Deconstruct ਕਰਨਾ ਪੈਂਦਾ ਹੈ ਕਵੀ ਨੂੰ, ਅਤੇ ਕਵੀ Deconstruct ਕਰਦਾ ਹੈ ਗੁਲਾਮੀ ਦੇ ਸਾਰੇ ਪ੍ਰਵਚਨ ਜਿਵੇਂ:1) ਪਛਾਣ/ਹੋਣਾ/ਜੋ ਘਰ/ਸਮਾਜ ਦਿੰਦਾ।2) ਰਾਜਨੀਤੀ।3) ਸਮਾਜਿਕ-ਸਭਿਆਚਾਰਕ ਬਣਤਰ/ਘਰ, ਪਰਿਵਾਰ, ਰਿਸ਼ਤੇ।4) ਹੈਜਮੋਨਿਕ ਕੀਮਤਾਂ ਤੇ ਸੰਸਥਾਵਾਂ5) ਆਰਥਿਕ ਮਾਡਲ6) ਸੱਤਾ ਤੇ ਤਾਕਤ ਨਾਲ ਸਬੰਧ7) ਵਿਚਾਰਧਾਰਕ ਸੰਦ8) ਭਾਸ਼ਾ/ਮੁਹਾਵਰਾ9) ਮੰਡੀ10) ਵਰਤਮਾਨ ਪਰਿਸਥਿਤੀ11) ਇਤਿਹਾਸ ਪਰਿਸਥਿਤੀ12) ਚਿੰਤਨ/ਵਿਚਾਰਧਾਰਾਇਸ ਸੰਦਰਭ ਵਿੱਚ ਗੁਰਪ੍ਰੀਤ ਦੀ ਕਵਿਤਾ ਵਿਚਾਰਧਾਰਕ ਪ੍ਰਵਚਨਾਂ, ਦਾਬਾ ਮੂਲਕ ਸੰਸਥਾਵਾਂ ਅਤੇ ਹੈਜਮੋਨਿਕ ਵਿਚਾਰਾਂ ਨੂੰ ਸੂਖ਼ਮਤਾ ਨਾਲ ਲਿਬਰੇਟ ਕਰ ਦਿੰਦੀ ਹੈ। ਉਸ ਦੀ ਸ਼ਾਇਰੀ ਮੁਢਲੇ ਪੜਾਅ ਦੀ ਸੰਵੇਦਨਾਮੂਲਕ ਭਾਵੁਕ ਮਨੁੱਖੀ ਹੋਂਦ ਦੀ ਚਿਤੇਰੀ ਬਣਦੀ ਹੈ। ਜਿਸ ’ਚੋਂ ਨਵੀਂ ਕਵਿਤਾ ਦੇ ਕਈ ਨਕਸ਼ ਉਭਰਦੇ ਹਨ। ਉਸਦੀ ਕਵਿਤਾ ‘ਤਾੜੀ’ ਵਾਂਗ ਉਸਦੇ ‘ਸਵੈ’ ਨੂੰ ਕਾਫ਼ੀ ਹੱਦ ਤੱਕ ਸਿਰਜਦੀ ਹੈ। ਇਸਦੇ ਹਵਾਲੇ ਨਾਲ ਉਹ ਕਿਸੇ ਵਾਦ ਵਿਵਾਦ ਦੇ ਤਲਿਸਮ, ਸਹੀ ਸਾਬਿਤ ਹੋਣ ਦੀ ਹੜਬੜੀ, ਅਕਲ ਦੀ ਸੱਤਾ ਤੋਂ ਮੁਕਤ ਹੋ ਕੇ ਸਿਰਫ ‘ਨੱਚਣਾ’ ਚਾਹੁੰਦੀ ਹੈ। ਨੱਚਣਾ ਮੁਕਤੀ ਹੈ। ਬੇਸ਼ੱਕ ਇਸ ਨੂੰ ਓਸ਼ੋ ਵਾਲੀ ਫਾਰਮੂਲੇਸ਼ਨ ’ਚ ਵੀ ਵਾਚਿਆ ਜਾ ਸਕਦਾ ਹੈ। ਪਰ ਗੱਲ ਉਸ ਭਾਰ ਨੂੰ ਉਤਾਰਨ ਦੀ ਵੀ ਹੈ ਜੋ ਸੰਵੇਦਨਸ਼ੀਲ ਮਨੁੱਖ ਨੂੰ ਥਿਰਕਣ, ਮੋਲਣ, ਫੈਲਣ, ਸੰਘਣੇ ਹੋਣ ਨਹੀਂ ਦਿੰਦਾ।

ਬੇੱਸ਼ਕ ਉਸ ਭਾਰ ਦੀ ਨਿਸ਼ਾਨਦੇਹੀ ਕਵਿਤਾ ਨਹੀਂ ਕਰਦੀ। ਪਰ ਉਹ ਪਾਠਕਾਂ ਲਈ ਇਹ ਸਪੇਸ ਛੱਡ ਜਾਂਦੀ ਹੈ ਕਵਿਤਾ ਵਿੱਚ। ਇਸੇ ਕਵਿਤਾ ਦਾ ਦੂਜਾ ਹਿੱਸਾ ਹੈ ਜਿਸ ’ਚ ਉਹ ਆਪਣੀ ਹੋਂਦ/ਅਸਤਿਤਵ (ਸਵੈ) ਦੇ ਕਣ-ਕਣ ਨੂੰ ਜਿਉਂਦਾ, ਨੱਚਦਾ, ਦੇਖਣਾ ਲੋਚਦੀ ਹੈ। ਪਰ ਉਹ ਨੱਚਣ ਦੇ ਜਸ਼ਨ ’ਚ ਵਿਅਸਤ ਹੋ ਕੇ,ਕਥਾਰਸਿਸ ਕਰਕੇ ਆਪਣੇ ਆਪ ਨੂੰ ਤਸੱਲੀ ਨਹੀਂ ਦਿੰਦੀ। ਉਹ ਅਗਲਾ ਵਾਕ ਬੰਨਦੀ ਹੈ-‘ਆਦਿ ਬਿੰਦੂ ਤੋਂ ਸ਼ੁਰੂ ਹੋਣਾ ਹੈ ਮੈਂਅਤੇ ਫਿਰ ਪਰਦਰਸੀ ਸ਼ੀਸ਼ੇ ਦੇਆਰ ਪਾਰ ਲੰਘ ਜਾਣਾ ਮੈਂਆਦਿ ਬਿੰਦੂ ਤੋਂ ਲੱਗੀ ਹਾਂ ਸ਼ੁਰੂ ਹੋਣ।’(ਪੰਨਾ-35)ਤਤਕਾਲੀ ਵਰਤਮਾਨ ਬਿੰਦੂ ਤੋਂ ਖੜ੍ਹ ਕੇ ਆਦਿ-ਬਿੰਦੂ ਦੀ ਇਹ ਪਿਛਲ-ਯਾਤਰਾ ਉਸ ਭਵਿੱਖੀ ਧਰਵਾਸ ਲਈ ਹੈ ਜਿੱਥੇ ਮੁਕਤੀ ਦਾ ਅਰਥ ਬੋਧ ਤੋਂ ਮੁਕਤੀ ਨਹੀਂ ਸਗੋਂ ਗਲਬਿਆਂ ਤੋਂ ਮੁਕਤੀ ਹੋਣਾ ਹੈ। ਇਤਿਹਾਸ ਦੀ ਪੈੜ ਨੱਪਦਿਆਂ ਗੀਤ ਮੀਰਾ ਦੀ ਪ੍ਰੰਪਰਾ ਨਾਲ ਜਾ ਜੁੜਦੀ ਹੈ। ਜਿੱਥੋਂ ਉਹ ਪ੍ਰੇਮ ਅਤੇ ਮੰਡੀ ਦੀ ਡਾਇਲੈਕਟਿਕਸ ਨੂੰ ਵੀ ਫੜ੍ਹਦੀ ਹੈ। ਉਸਦੀ ਕਵਿਤਾ- ‘ਪ੍ਰੇਮ ਸੱਖਣੀ ਮੀਰਾ’ ਦੇਖੋ-ਕਿਸੇ ਜੋਗੀ ਦੀ ਆਵਾਜ਼ਜੋਗਣ ਦਾ ਪਿੱਛਾ ਨਹੀਂ ਕਰਦੀਨਾ ਹੀ ਭਾਲਦਾ ਉਸਨੂੰਬਾਜ਼ਾਰ ਉਸ ’ਤੇ ਸ਼ਹਿ ਲਈ ਬੈਠਾਸ਼ਿਕਾਰ ਕਰਨ ਦੇ ਢੰਗ ਘੜਦਾਪ੍ਰਛਾਵੇਂ ਜਿੰਨੀ ਅਜ਼ਾਦੀ ’ਚ ਗ੍ਰਸਤਮੀਰਾ ਡੂੰਘੇ ਸੁਪਨੇ ਦੀ ਕੈਦ ’ਚ ਹੈਇਕ ਤਾਰੇ ਦੀ ਛੋਹਅੰਦਰ ਕਿਤੇ ਟੁਣਕਦੀ ਹੈਪਰ ਬਾਹਰ ਕਿਤੇ ਨਹੀਂ ਲੱਭਦੀਅਸਲ ਇੱਕ ਤਾਰਾ ਕਿੱਥੇ ਹੈ ਮੀਰਾਅਸਲੀ ਇੱਕ ਤਾਰਾ ?ਉਹ ‘ਸਵੈ’ ਦੀ ਸਿਰਜਣਾ ਸੰਬੰਧੀ ਸੁਚੇਤ ਅਤੇ ਸਪੱਸ਼ਟ ਸ਼ਾਇਰਾ ਹੈ। ਉਹ ਤਾਂ ਆਪਣੇ ਨਜ਼ਦੀਕੀ ਰਿਸ਼ਤੇ ਨੂੰ ਵੀ ਵਿੱਥ ’ਤੇ ਖੜਾ ਕਰਦੀ ਹੈ, ਹਾਵੀ ਹੋਣ ਤੋਂ ਸੁਚੇਤ ਕਰਦੀ ਹੈ। ਉਹ ਪਰਛਾਵੇਂ ਦਾ ਭਾਰ ਮਾਪਣਾ ਜਾਣਦੀ ਹੈ ਕਿ ਪਰਛਾਵੇਂ Self ਨੂੰ ਅਦਨਾ ਕਰ ਦਿੰਦੇ ਹਨ। ਇਹ ਪਰਛਾਵੇਂ ਵੀ ਅਲਥੂਸਰ ਦੇ ਆਖਣ ਵਾਂਗ ਵਿਚਾਰਧਾਰਕ ਅਤੇ ਦਾਬਾਮੂਲਕ ਯੰਤਰ ਹੁੰਦੇ ਹਨ ਜੋ ਨਾਗਰਿਕ/ਮਨੁੱਖੀ/ਹੋਂਦ ਨੂੰ ਆਪਣੇ ਅਨੁਸ਼ਾਸਨ, ਤਹਿਜ਼ੀਬ ਅਤੇ ਰੰਗ ਵਿੱਚ ਰੰਗਣ ਲਈ ਹਰ ਹੱਥਕੰਡੇ ਵਰਤਦੇ ਹਨ। ਗੀਤ ਇਸ ਬਾਬਤ ਸੁਚੇਤ ਹੈ ਅਤੇ ਉਸਦੀ ਕਵਿਤਾ ਇਨ੍ਹਾਂ ਪਰਛਾਵਿਆਂ ਨੂੰ ਕਵਿਤਾ ਦੀ ਸਰਗਰਮੀ ਨਾਲ ਕੱਟ ਦਿੰਦੀ ਹੈ। ਪਰ ਇਹ ਕੱਟਣ, ਰੱਦਣ ਦੀ ਵਿਧੀ ਝਿਜਕ ਅਤੇ ਸੰਜਮ ਵਾਲੀ ਹੈ। ਬਹੁਤ ਸੂਖ਼ਮਤਾ ਨਾਲ ਸੰਜਮੀ ਕਾਵਿ-ਭਾਸ਼ਾ ਜ਼ਰੀਏ ਉਸਦਾ ਉਚਾਰ ਪ੍ਰਗਟ ਹੁੰਦਾ ਹੈ।

ਕਵਿਤਾ ‘ਉਡਾਣ’ ਦੇਖੋ:-ਸੁਣ ਲੈ ਧਿਆਨ ਨਾਲਜੋ ਸੂਲ਼ੀ ਚੜ੍ਹਦੇ ਹਨਉਹ ਖੁਦ ਨੂੰ ਰਚ ਲੈਂਦੇ ਹਨ (ਪੰਨਾ-89)ਗੁਰਪ੍ਰੀਤ ਦੀ ਕਵਿਤਾ ਦਾ ਸੁਹਜ ਇਹ ਬਣਦਾ ਹੈ ਕਿ ਉਹ ਰੱਜ ਕੇ ਜਿਊਣ ਦੀ ਚਾਹਤ ਨੂੰ ਸਿਰਜ ਸਕੀ ਹੈ। ਉਸਦੀ ਕਵਿਤਾ ਵਿਚ ਨਿਰਛਲ ਸੁਪਨੇ, ਮਾਸੂਮ ਬੱਚਿਆਂ ਵਰਗੀ ਚਾਹਤ, ਸਵੈ (Self) ਦੀ ਨਿਰਮਾਣਕਾਰੀ ਲਈ ਚੇਤਨਾ, ਕੁਦਰਤ ਅਤੇ ਪ੍ਰਕ੍ਰਿਤੀ ਦੇ ਗਤੀਸ਼ੀਲ ਵਿਹਾਰ ਅਤੇ ਮੁਹੱਬਤੀ ਪਾਸਰ ਸਾਫ਼ ਝਲਕਦੇ ਹਨ। ਇਸ ਚੇਤਨਾ ਦੇ ਪਿੱਛੇ ਉਸਦੀ ਸੰਵੇਦਨਾਮੂਲਕ ਵਿਚਾਰਧਾਰਕ ਪਹੁੰਚ ਹੈ ਜਿਸ ਦੇ ਆਧਾਰ ’ਤੇ ਉਹ ਕਵਿਤਾ ਨੂੰ ਜ਼ਿੰਦਗੀ ’ਚ ਬਦਲ ਦਿੰਦੀ ਹੈ। ਅਜਿਹੀ ਜ਼ਿੰਦਗੀ ਜਿਸਦਾ ਆਧਾਰ ਸ਼ਬਦ ਹਨ। ਉਹ ਸ਼ਬਦਾਂ ਦੀ ਤਾਕਤ, ਮਹੱਤਵ ਅਤੇ ਤਲਿਸਮ ਤੋਂ ਵਾਕਿਫ਼ ਹੈ। ਉਸ ਨੂੰ ਪਤਾ ਹੈ ਕਿ ਸ਼ਬਦਾਂ ਦੀ ਰੇਤ ਜ਼ਿੰਦਗੀ ਦਾ ਮੁਖਵਾਕ ਛੁਪਾ ਵੀ ਲੈਂਦੀ ਹੈ। ਪਰ ਮੁਹੱਬਤ/ਪ੍ਰੇਮ ਉਸਨੂੰ ਮੁਕਤ ਕਰਦਾ ਹੈ। ਉਹ ਇਸੇ ਕਾਰਣ ਆਪਣੇ ਸਮਕਾਲ ਦੇ ਕਮਰਸ਼ੀਅਲ ਦੌਰ ਬਾਰੇ ਲਿਖਦੀ ਹੈ ‘ਇਸ ਕਮਰਸ਼ੀਅਲ ਦੌਰ ’ਚ ਡੈਮਜ਼ ਹੋ ਰਹੀ ਆਤਮਾ ਤੇ ਬੁੱਧੀ ਨੂੰ ਸਿਉਣ ਲਈ ਤੋਪਾ-ਤੋਪਾ ਸਿਰਜਦੀ ਹਾਂ, ਰੁੰਡ ਮਰੁੰਡ ਹੋਏ ਰੁੱਖਾਂ ਦੇ ਦੁਬਾਰਾ ਉੱਗੇ ਪੱਤੇ ਦੇਖ, ਕਵਿਤਾ ’ਚ ਆਪਣਾ ਵਿਸ਼ਵਾਸ ਮੁੜ ਸੁਰਜੀਤ ਕਰਦੀ।’ (ਪੰਨਾ-7) ਇਸ ‘ਡੈਮਜ’ ਹੋ ਰਹੇ ਸਮੇਂ ਨੂੰ ਸਵਾਰਨ ਅਤੇ ਉਦਾਸੀ ’ਚੋਂ ਨਿਕਲਣ ਲਈ ‘ਕਵਿਤਾ’ ਉਸਦਾ ਮੁੱਖ ਵਾਕ ਬਣਦੀ ਹੈ। ‘ਕਵਿਤਾ’ ਪ੍ਰਤਿ ਉਸਦੀ ਪ੍ਰਤਿਬੱਧਤਾ ਅਸਲ ਵਿੱਚ ਜੀਵਨ ਦੇ ਧੜਕਦੇ ਹੋਣ ਪ੍ਰਤਿ ਪ੍ਰਤਿਬੱਧਤਾ ਹੈ। ਉਸਦੇ ਸੁਭਾਅ ਅਤੇ ਸਿਰਜਣਾ ਵਿੱਚ ਨਾਉਮੀਦੀ, ਨਾਕਾਰਤਮਕਤਾ ਅਤੇ ਉਦਾਸੀ ਨਹੀਂ ਕਦੇ ਆਈ। ਇਸ ਕਾਰਣ ਉਹ ਜੀਵਨ, ਸੰਸਾਰ, ਰਾਜਨੀਤੀ ਅਤੇ ਆਪਣੇ ਆਲੇ-ਦੁਆਲੇ ਬਾਰੇ ਸਪੱਸ਼ਟ ਤੌਰ ’ਤੇ ਪਾਰਦਰਸ਼ੀ ਸੀ, ਚੇਤਨ ਸੀ। ਉਹ ਘਟਨਾਵਾਂ, ਅੰਕੜਿਆਂ ਅਤੇ ਵਰਤਾਰਿਆਂ ਦੀ ਥਾਹ ਪਾਉਣ ਲਈ ਫ਼ਿਕਰਮੰਦ ਜ਼ਰੂਰ ਰਹਿੰਦੀ ਹੈ ਪਰ ਉਹ ਆਪਣੇ ਫ਼ਿਕਰ ’ਚ ਦਫ਼ਨ ਨਹੀਂ ਹੁੰਦੀ। ਉਹ ਕਹਿੰਦੀ ਹੈ-ਆਵਾਜ਼ ਜੋ ਮੇਰੀ ਬੁੜ ਬੁੜਾਹਟ ਨੂੰਨਜ਼ਮ ’ਚ ਬਦਲ ਦਿੰਦੀ ਸੀ-ਹਵਾ ’ਚ ਘੁਲ ਚੁੱਕੀ ਹੋਵੇਗੀ-ਮੈਂ ਆਪਣੇ ਸਖ਼ਤ ਖੋਲ ਅੰਦਰ-ਦਫ਼ਨ ਹੋਣੋ ਬਚੀ ਰਹਾਂਗੀ-….ਡੂੰਘਾ ਸਾਹ ਲਵਾਂਗੀ-ਤੈਨੂੰ ਵੀ-ਚੁਫ਼ੇਰੇ ’ਚ ਲਪੇਟ ਲਵਾਂਗੀ- (ਅਣ ਲਿਖੀ ਕਥਾ, ਪੰਨਾ 86)ਗੁਰਪ੍ਰੀਤ ਗੀਤ ਦੀ ਕਵਿਤਾ ਸਾਡੇ ਸਮਕਾਲ ਵਿਚ ਇਕ ਸੰਭਾਵਨਾ ਵਜੋਂ ਦੇਖੀ ਜਾਣੀ ਵੀ ਬਣਦੀ ਹੈ। ਬੇਸ਼ੱਕ ਉਸਦਾ ਤੁਰ ਜਾਣਾ ਉਸ ਦੀ ਸਾਡੇ ਨਾਲ ਹੋਣ ਦੀ ਸੰਭਾਵਨਾ ਨੂੰ ਨਾਲ ਲੈ ਕੇ ਚਲਾ ਗਿਆ ਹੈ। ਪਰ ਸ਼ਬਦ-ਜੂਨ ’ਚ ਢਲੀ ਉਸਦੀ ਸੰਵੇਦਨਾ ਅਤੇ ਚੇਤਨਾ ਹਮੇਸ਼ਾ ਸਾਡੇ ਹਾਜ਼ਰ-ਨਾਜ਼ਰ ਰਹੇਗੀ। ਕਵੀ ਦੇਹਿਕ ਮੌਤ ਨਾਲ ਕਦੇ ਮਰਦਾ ਨਹੀਂ ਉਹ ਆਪਣੀ ਸਿਰਜਣਾਤਮਕ ਪ੍ਰਤਿਭਾ ਨੂੰ ਸ਼ਬਦਾਂ, ਸ਼ਾਇਰੀ, ਕਵਿਤਾ, ਨਜ਼ਮਾਂ ’ਚ ਢਾਲ ਕੇ ਅਮਰ ਹੋ ਜਾਂਦਾ ਹੈ। ਕਵੀ ਇਸ ਮਾਤ ਲੋਕ ਦਾ ਅਮਰ ਵਾਸੀ ਹੈ।

ਕਵਿਤਾ ਜਿੰਨੀ ਉਮਰ ਕਵੀ ਦੀ ਵੀ ਹੁੰਦੀ ਹੈ। ਸੋ ਉਸਦੀ ਕਵਿਤਾ ਦੀ ਸੰਭਾਵਨਾ ਚੇਤਨਾ ਅਤੇ ਵਿਚਾਰਧਾਰਕ ਪੱਧਰ ’ਤੇ ਸਦਾ ਬਣੀ ਰਹੇਗੀ। ਉਸਦੀ ਕਵਿਤਾ ਦਾ ਸਫ਼ਰ ਮੁੱਢਲਾ ਸੀ ਪਰ ਉਸਦੀ ਪਰਪੱਕਤਾ ਅਤੇ ਪ੍ਰਤਿਬਧਤਾ ਮਨੁੱਖੀ ਹੋਂਦ ਨਾਲ ਲਬਰੇਜ਼ ਸੀ। ਉਹ ਜੰਗਲ ਅਤੇ ਸੜਕ ਦੀ ਮਹੀਨ ਰੇਖਾ ਨੂੰ ਟੁਣਕਾ ਸਕਦੀ ਹੈ ਅਤੇ ਮੌਨ ਨੂੰ ਸਿਸਕੀ ਨਾਲ ਤੋੜ ਸਕਦੀ ਹੈ। ਉਸਦੀ ਕਾਵਿ ਭਾਸ਼ਾ ਅਤੇ ਬਿੰਬ ਕੁਦਰਤ ਦੇ ਵਿਹਾਰ ’ਚੋਂ ਨਿਰਮਿਤ ਹੋਏ ਹਨ।ਉਸਦੀ ਸ਼ਾਇਰੀ-ਉਦਾਸੀ, ਉਪਰਾਮਤਾ ਜਾਂ ਵੈਣਿਕਤਾ ਤੋਂ ਅਗਾਂਹ ਜਾ ਕੇ ਮੁਹੱਬਤ ਦੇ ਡੂੰਘੇ ਅਹਿਸਾਸ ਨੂੰ ਪ੍ਰਗਟ ਕਰਦੀ ਹੈ ਅਤੇ ਜੀਵਨ ਤੇ ਮੁਹੱਬਤ ਦੀ ਜੀਵੰਤਤਾ ਪ੍ਰਤਿ ਕਮਿਟੱਡ ਹੋ ਜਾਂਦੀ ਹੈ। ਇਸੇ ਕਾਰਣ ਉਸਦੀ ਕਵਿਤਾ ਦਾ ਨਾਇਕ ਵੀ ਸਿਰਜਣਹਾਰਾ ਹੈ ਅਤੇ ਸੰਵੇਦਨਸ਼ੀਲ ਹੈ। ਉਸਦੀ ਵਿਚਾਰਧਾਰਕ ਪਹੁੰਚ ਵਿੱਚ ਮਰਦ ਹੈਜਮੋਨਿਕ ਸੰਸਥਾ ਵਜੋਂ ਪਿਤਰਕੀ ਢਾਂਚੇ ਵਾਲਾ ਨਹੀਂ ਉਜਾਗਰ ਹੁੰਦਾ। ਸਗੋਂ ਕੁਦਰਤੀ ਇਕਾਈ ਵਜੋਂ ਕੁਦਰਤੀ ਸਬੰਧਾਂ ਵਾਲ ਹਾਣ-ਪ੍ਰਵਾਣ ਦਾ ਨਾਇਕ ਹੈ ਜਿਸਦੀ ਭਾਵੁਕਤਾ, ਸੁਹਜਾਤਮਕਤਾ, ਜਜ਼ਬਾਤੀ ਸੰਵਾਦ ਉਸਨੂੰ ਸਿਰਜਣਾਤਮਕਤਾ ਵੱਲ ਤੋਰਦੇ ਹਨ। ਉਹ ਔਰਤ-ਮਰਦ ਦੇ ਸੰਤੁਲਿਤ ਸਰੂਪ ਦੀ, ਸਾਕ ਦੀ, ਸਮਾਜ ਦੀ ਤਲਾਸ਼ ਵਿੱਚ ਹੈ। ਇਸੇ ਕਰਕੇ ਸ਼ਾਇਰ ਪਰਮਿੰਦਰ ਸੋਢੀ ਗੀਤ ਦੀ ਕਵਿਤਾ ਨੂੰ ਆਦਮ ਅਤੇ ਹਵਾ ਦੇ ਦਵੰਦ ਤੋਂ ਪਾਰ ਦੀ ਕਵਿਤਾ ਕਹਿੰਦੇ ਹਨ। ਦੇਖੋ ‘ਮੇਲਾ’ ਕਵਿਤਾ:-ਸ਼ੁਕਰ ਹੈ/ਮਿਲ ਪਈ ਏਅੱਕ ਗਿਆ ਸਾਂ/ਜੰਗਲ ਦੇ ਮੌਨ ਤੋਂਤੇਰੀ ਸਿਸਕੀ ਨੇ ਆਬਾਦ ਕੀਤੈ (ਪੰਨਾ- 20)ਉਹ ਆਪਣੇ ਮਨ ਨੂੰ ਜੰਗਲ ਕਹਿ ਕੇ ਚਾਰ ਭਾਗਾਂ ਵਿੱਚ ਵੰਡਦੀ ਹੈ 1. ਤੂੰ 2. ਘਰ 3. ਕਿਤਾਬ 4. ਮੈਂ। ਫਿਰ ਕੰਧਾਂ ਢਾਹ ਦਿੰਦੀ ਹੈ। ਜੰਗਲ ਉਸਦੀ ਪਨਾਹਗਾਹ ਹੈ। ਜਿਸ ਵਿਚ ਮੁਹੱਬਤ, ਚਿੰਤਨ ਅਤੇ ਉਸਦਾ ਵਜੂਦ/ਹੋਂਦ/ਸਵੈ ਵਾਸਾ ਕਰਦੇ ਹਨ। ਜਾਂ ਕਹਿ ਲਈਏ ਕਿ ਉਸਦੇ ਵਜੂਦ/ਹੋਂਦ ਨੂੰ ਚਿੰਤਨ, ਪੋਥੀ, ਕੁਦਰਤ ਅਤੇ ਮੁਹੱਬਤ ਪਰਿਭਾਸ਼ਿਤ ਕਰਦੇ ਹਨ ਜਿਸਦਾ ਕੇਂਦਰੀ ਚਿਹਨ ਜੰਗਲ ਬਣਦਾ ਹੈ। ਉਸ ਲਈ ਜੰਗਲ ਮਨੁੱਖੀ ਚੇਤਨਾ ਦਾ ਸ਼ੁੱਧ ਰੂਪ ਹੈ ਜੋ ਸਵੈ ਦੇ ਪਾਸਾਰ ਨੂੰ ਜਾਨਣ ਦੀ ਧੁਰੀ ਹੈ। ਜਿੱਥੇ ਉਸਦਾ ਕਾਵਿ ਨਾਇਕ ਹੈ, ਕਵਿਤਾ ਹੈ, ਮੋਰ ਹਨ, ਕਿਤਾਬ ਹੈ। ਪਰ ਕੋਈ ਕੰਧ ਨਹੀਂ ਹੈ। ਉਹ ਕੰਧਾਂ ਦਾ ਪ੍ਰਤਿਰੋਧ ਜੰਗਲ ਦੇ ਫੈਲਾਅ ਨਾਲ ਸਿਰਜਦੀ ਹੈ। ਇਸ ਪ੍ਰਸੰਗ ਵਿੱਚ ‘ਤੇਰੀ ਆਮਦ’ ਕਵਿਤਾ ਵੇਖੀ ਜਾ ਸਕਦੀ ਹੈ-ਮੈਂ ਮਨ ਚੋਂ ਦੀਵਾਰਾਂ ਢਾਹ ਦਿੰਦੀ ਹਾਂਜੰਗਲ ਨੂੰ ਸਾਹ ਅਉਂਦੇਮਨ ’ਚ ਬਿਖਰੀਆਂ ਕਿਤਾਬਾਂਕਿਤਾਬਾਂ ’ਚ ਘਰਤੇਰੀ ਆਮਦ ……….. (ਪੰਨਾ 29)ਕੰਧਾਂ ਦੀ ਸੰਸਕ੍ਰਿਤੀ ਮਨੁੱਖਤਾ ਨੂੰ ਕਈ ਭਾਗਾਂ ’ਚ ਤਕਸੀਮ ਕਰਦੀ ਹੈ। ਕਦੇ ਜਾਤ, ਧਰਮ, ਫ਼ਿਰਕੇ ਦੇ ਨਾਂ ਤੇ ਅਤੇ ਕਦੇ ਅਮੀਰ ਅਤੇ ਗਰੀਬ ਦੇ ਨਾਂ ਤੇ। ਇਹ ਤਕਸੀਮ ਦਰ ਤਕਸੀਮ ਹੁੰਦੀ ਧਰਤੀ ਟੁਕੜਿਆਂ ’ਚ ਵੰਡੀ ਜਾ ਰਹੀ ਹੈ ਅਤੇ ਮਨੁੱਖ ਆਪਣੇ ਅੰਦਰ ਸੁੰਘੜਦਾ ਜਾ ਰਿਹਾ ਹੈ। ਇਸੇ ਕਰਕੇ ਗੀਤ ਕਹਿੰਦੀ ਹੈ ਕਿ-‘ਪ੍ਰੇਮ ਦੀ ਕਲਪਨਾ ’ਚਅੱਜ ਕੱਲ ਫੁੱਲ ਨਹੀਂ ਉੱਗਦੇਜੇ ਅੱਜ ਕੱਲ ਫੁੱਲ ਉੱਗ ਵੀ ਜਾਣ ਤਾਂਤ੍ਰੇਲ ਨਾਲ ਭਿੱਜ ਨਹੀਂ ਪਾਉਂਦਾ ਪ੍ਰੇਮਪਤਾ ਨਹੀਂ ਕਿਹੜਾ ਪੱਥਰ ਹਾਵੀ ਰਹਿੰਦਾਫੁੱਲਾਂ ਦੀ ਕਲਪਨਾ ’ਤੇਕਦੇ ਕਦੇ ਕਿਸੇ ਪੱਥਰ ਦੀ ਤਪਸ਼ਜਲਾ ਦਿੰਦੀ ਫੁੱਲਾਂ ਨੂੰ….’(ਪੰਨਾ- 48)ਪੱਥਰਾਂ ਦੁਆਰਾ ਫੁੱਲਾਂ ’ਤੇ ਕੀਤੀ ਹਿੰਸਾ ਦੀ ਤਵਾਰੀਖ ਬਹੁਤ ਲੰਮੀ ਹੈ। ਜੋ ਸਾਡੇ ਅਤੀਤ ਅਤੇ ਵਰਤਮਾਨ ਦਾ ਕਠੋਰ ਸੱਚ ਹੈ। ਇਸ ਸੱਚ ਨੂੰ ਅਵਾਮ ਨੇ ਡੀਕੋਡ ਕਰਨਾ ਹੁੰਦਾ ਹੈ। ਜਦ ਕਿ ਅਵਾਮ ਤਕਸੀਮ, ਜਰਬਾਂ ਦੀ ਸਿਆਸਤ ’ਚ ਉਲਝੀ ਆਪਣੇ ਆਪਣੇ ਖ਼ੰਜਰ ਤਿੱਖੇ ਕਰਦੀ ਰਹਿੰਦੀ ਹੈ। ਉਸ ਲਈ ਘਟਨਾਵਾਂ ਸਹਿਜ ਗਿਣਤੀ ਅਤੇ ਤੱਥ ਤੱਕ ਮਹਿਦੂਦ ਹੋ ਕੇ ਰਹਿ ਜਾਂਦੀਆਂ ਹਨ। ਅਖ਼ਬਾਰਾਂ ’ਚ ਛਪਿਆ ਸੱਚ ਅੰਤਮ ਸੱਚ ਬਣਨ ਲੱਗਦਾ ਹੈ। ਜਦਕਿ ਸ਼ਾਇਰ ਉੱਘੜ-ਦੁੱਗੜ ਸੁਰਖੀਆਂ, ਤਵਾਰੀਖ ਅਤੇ ਲੀਹਾਂ ਨੂੰ ਸੇਧ ਦੇਣ ਵਾਲੇ ਹੁੰਦੇ ਹਨ। ਘੱਟੋ ਘੱਟ ਗੁਰਪ੍ਰੀਤ ਆਪਣੀ ਕਵਿਤਾ ‘ਅਖ਼ਬਾਰ ਦਰੁਸਤ ਕਰੋ’ ’ਚ ਇੰਝ ਕਰਦੀ ਪ੍ਰਤੀਤ ਹੁੰਦੀ ਹੈ-ਇਕ ਨੇਤਾ ਦਾ ਉਠਿਆ ਹੱਥਆਮ ਆਦਮੀ ਦਾ ਗਲ/ਫੜਨ ਲਈ ਕਾਹਲਾ ਹੈ�“ਕਸ਼ਮੀਰ ’ਚ ਹੋਈਆਂ ਹਿੰਸਕ ਝੜਪਾਂ”ਇਕੋ ਵੇਲੇ ਜਗਦੇ/ਰੈਡ ਅਤੇ ਗਰੀਨ ਲਾਈਟ ਸਿਗਨਲ ਸਮੇਤਪੇਜ ਨੰ 15 ’ਤੇ ਪੁੱਜ ਗਈਆਂ…ਪਾਣੀ ’ਚ ਡੁੱਬਿਆ ਮੱਧ ਪ੍ਰਦੇਸ਼ਨੇੜੇ ਬਣੀ ਕਿਸ਼ਤੀ ਦੀ ਤਸਵੀਰ ਤੋਂਇੰਚ ਕੁ ਉਰਾਂ ਰਹਿ ਗਿਆ ਹੈ-“ਪਾਕਿਸਤਾਨ ਦੋਸਤ ਕਿ ਦੁਸ਼ਮਣ”ਖ਼ਬਰਾਂ ਨਾਲ ਉਭਰ ਆਇਆ ਹੈਮੇਰੇ ਆਟਾ ਲੱਗੇ ਹੱਥਾਂ ਨਾਲਭਾਰਤ ਦਾ ਉਘੜ ਦੁਘੜ ਨਕਸ਼ਾ। (ਪੰਨਾ- 51)ਸਮਕਾਲੀ ਹਾਲਾਤਾਂ ’ਚ ਇਸ ਕਵਿਤਾ ਦੀ ਪੜ੍ਹਤ ਮਹੱਤਵਪੂਰਣ ਹੈ। ਜਦੋਂ ਆਈਨਾ ਬੇਤਰਤੀਬ ਅਕਸ ਦਿਖਾਉਣ ਲੱਗੇ ਉਦੋਂ ਚਿਹਰਾ ਦਰੁਸਤ ਕਰਨਾ ਜ਼ਰੂਰੀ ਹੁੰਦਾ ਹੈ । ਗੀਤ ਪਾਠਕ ਦੇ ਚਿਹਰੇ ਲਈ ਅਖ਼ਬਾਰ ਦਰੁਸਤ ਕਰਦੀ ਹੈ।

ਆਧੁਨਿਕ ਵਿਕਾਸ ਮਾਡਲਾਂ ਨੇ ਪੂੰਜੀ ਦੀ ਸੱਤਾ ਨੂੰ ਸਥਾਪਿਤ ਕੀਤਾ ਹੈ। ਬਜ਼ਾਰ ਅਤੇ ਮੰਡੀ ਆਪਣੇ ਮੁਤਾਬਿਕ ਸੱਚ ਸਥਾਪਿਤ ਕਰਦੀ ਰਹਿੰਦੀ ਹੈ। ਘਰਾਂ ਤੱਕ ਹੀ ਨਹੀਂ ਹੁਣ ਜ਼ਹਿਨ ਦੇ ਹਰ ਖੂੰਜੇ ’ਤੇ ਦਬਦਬਾ ਜਮਾ ਰਿਹਾ ਹੈ ਇਹ ਬਜ਼ਾਰ। ਮਸਨੂਈ ਕਿਸਮ ਦੇ ਆਹਰ, ਵਿਹਾਰ, ਆਚਾਰ ਨੇ ਮੱਧ ਵਰਗੀ ਮਨੁੱਖ ਦੀ ਸੋਚਣ-ਪ੍ਰਕ੍ਰਿਆ ਨੂੰ ਸੰਨ ਲਾਈ ਹੈ। ਰਿਸ਼ਤਿਆਂ ਤੋਂ ਲੈ ਕੇ ਸਮਾਜਿਕ ਇਕਾਈਆਂ ਇਸ ਸਾਰੇ ਵਰਤਾਰੇ ਦੀ ਹਿੰਸਾ ਹੰਢਾ ਰਹੀਆਂ ਹਨ। ਕੁਦਰਤ, ਕਾਇਨਾਤ ਅਤੇ ਹੋਰ ਪੈਦਾਵਾਰੀ ਸਾਧਨ ਅੰਨੇਵਾਹ ਲੁੱਟੇ ਜਾ ਰਹੇ ਹਨ। ਹਰ ਵਸਤ ਚਿਹਨ ’ਚ ਬਦਲ ਰਹੀ ਹੈ। ਕੁਦਰਤ ਅਤੇ ਨਾਇਕ ਵੀ। ਆਨੰਦ ਅਤੇ ਖੁਸ਼ੀ ਨੂੰ ਮਾਨਣ ਦੀ ਤਰਬੀਅਤ ਅਤੇ ਮੌਲਿਕਤਾ ਨੂੰ ਮੰਡੀ ਹੌਲੀ-ਹੌਲੀ ਖ਼ਤਮ ਕਰ ਦਿੰਦੀ ਹੈ। ਯਾਂਤਰਿਕ ਮਨਸੂਈ ਜ਼ਿੰਦਗੀ ਯਥਾਰਥ ਬਣਨ ਲੱਗਦੀ ਹੈ। ਸਾਧਾਰਣ ਜੀਵਨ ਲਈ ਹਰ ਉਚੇਚ ਸਭਿਅਕ ਮਾਪਦੰਡ ਬਣ ਕੇ ਮੱਧ ਵਰਗੀ ਘਰਾਂ ਦੀ ਸ਼ਨਾਖਤ ਕਰਨ ਲੱਗਦਾ ਹੈ। ਨੰਹੁ ਦੀ ਗੁਲਾਬੀਅਤ ਨੂੰ ਨੇਲ ਪਾਲਿਸ਼ ਪੀ ਜਾਂਦੀ ਹੈ ਅਤੇ ਬਾਜ਼ਾਰੂ ਟਰਿਮਿੰਗ ਦੇ ਦੌਰ ’ਚ ਪੱਤਿਆਂ ਦੀ ਹਰਿਆਵਲ ਅਤੇ ਸਾਵਾਪਨ ਆਪਣੀ ਹੋਂਦ ਲਈ ਜੂਝਣ ਲੱਗਦਾ ਹੈ। ਗੁਰਪ੍ਰੀਤ ਦੀ ਕਵਿਤਾ ‘ਬਾਰਿਸ਼’, ‘ਉਨੀਂਦਾ ਕੈਲੰਡਰ’ ‘ਸਿਰਜਣਾ ਤੋਂ ਪਹਿਲਾਂ’ ਇਸ ਪ੍ਰਸੰਗ ’ਚ ਦੇਖੀਆਂ ਜਾ ਸਕਣ ਵਾਲੀਆਂ ਖੂਬਸੂਰਤ ਨਜ਼ਮਾਂ ਹਨ। ਨਵੀਂ ਬਣ ਰਹੀ ਤਰਜ਼-ਏ-ਜ਼ਿੰਦਗੀ ਨੂੰ ਵੀ ਪੇਸ਼ ਕੀਤਾ ਗਿਆ ਹੈ ਜਿਵੇ:-ਬੇਛਾਵੇਂ ਦੌਰ ’ਚ ਕੋਈ ਰੁਕੇ ਦੌੜਦਾ ਹੋਇਆਰੁੱਖਾਂ ਪੱਤਿਆਂ ਦੀ ਆਵਾਜ਼ ਸੁਣਕੋਸ਼ਿਸ਼ ਕਰੇ ਬੋਲਣ ਦੀਕਿਸੇ ਦੂਜੇ ਦੌੜ ਰਹੇ ਬੰਦੇ ਨਾਲਕਰੇ ਸਾਂਝੀ ਗੱਲਜੋ ਸਾਰੇ ਕਹਿਣਾ ਚਾਹੁੰਦੇਪਰ ਨਹੀਂ ਕਹਿੰਦੇ (ਪੰਨਾ- 30, 31)ਕੁਦਰਤ ਦੀ ਤਸਵੀਰ ਵਾਰ ਵਾਰ ਉਸਦੀ ਕਵਿਤਾ ਵਿੱਚ ਦਰਜ ਹੁੰਦੀ ਹੈ। ਕੁਦਰਤ ਸਵੈ ਵੀ ਹੈ, ਕੁੜੀ ਵੀ ਹੈ, ਮਾਂ ਵੀ ਅਤੇ ਉਸਦੀ ਦੋਸਤ ਅਤੇ ਘਰ ਵੀ। ਕੁਦਰਤ ਇਕ ਜੁਗਤ ਵੀ ਹੈ, ਕੁਦਰਤ ਉਸ ਦੀ ਕਾਵਿ-ਵਿਧੀ ਵੀ ਹੈ। ਜਿਸਦੇ ਜ਼ਰੀਏ ਉਹ ਧਰਤੀ ਦੇ ਵਾਤਾਵਾਰਣਿਕ ਸੰਕਟਾਂ ਨੂੰ ਵੀ ਪੇਸ਼ ਕਰਦੀ ਹੈ ਅਤੇ ਸੂਖ਼ਮ ਮਨੁੱਖੀ ਚਾਹਤ ਵਾਲੀ ਸਪੇਸ ਵਜੋਂ ਵੀ। ਕੁਦਰਤ ਦੇ ਵਿਭਿਨ ਪਸਾਰ, ਜਲ, ਪੌਣ ਪਾਣੀ, ਸੂਰਜ, ਚੰਨ, ਤਾਰੇ, ਨਦੀਆਂ, ਪੰਛੀ ਪੰਖੇਰੂ ਆਦਿ ਹੋਰ ਜੀਵ-ਸੰਸਾਰ ਉਸਨੂੰ ਸਿਰਜਣਾ ਵੱਲ ਵੀ ਤੋਰਦੇ ਹਨ। ਉਸ ਅੰਦਰ ਕਵਿਤਾ ਰਚਦੇ ਹਨ। ਕੁਦਰਤ ਨਾਲ ਉਸਦਾ ਰਿਸ਼ਤਾ ਕਿਸੇ ਉਪ ਭਾਵੁਕਤਾ ’ਚੋਂ ਜਾਂ ਆਸਥਾ ’ਚੋਂ ਉਤਪੰਨ ਹੋਇਆ ਨਹੀਂ ਜਾਪਦਾ ਸਗੋਂ ਇਹ ਰਿਸ਼ਤਾ ਮੁਹੱਬਤ ਅਤੇ ਆਪਸੀ ਸਹਿਹੋਂਦ ਵਾਲਾ ਵਧੇਰੇ ਹੈ। ਇਸੇ ਕਾਰਣ ਉਸਦੀਆਂ ਕੁਝ ਕਵਿਤਾਵਾਂ ਵਿੱਚ ਆਧੁਨਿਕ ਪੂੰਜੀਵਾਦੀ ਵਿਕਾਸ ਮਾਡਲਾਂ ਦੇ ਪ੍ਰਮਾਣੂ ਕਣ, ਬਿਮਾਰੀਆਂ, ਪੋਲੀਬੈਗ ਅਤੇ ਈ-ਕਚਰਾ ਵਜੋਂ ਪੈਦਾ ਹੋਏ ਸਿੱਟੇ ਕੁਦਰਤ ਦੇ ਪਲੀਤ ਹੋਣ, ਮਨੁੱਖੀ ਨਸਲ ਦੇ ਸੰਕਟ ਅਤੇ ਲੁਪਤ ਹੋ ਰਹੀ ਸਭਿਅਤਾ ਨੂੰ ਉਜਾਗਰ ਕਰਦੇ ਹਨ। ਉਸਦੀ ਕਵਿਤਾ ਸਭਿਅਤਾ ਦੇ ਫ਼ਿਕਰ ਦੀ ਅਤੇ ਮੁਹੱਬਤ ਦੀ ਕਵਿਤਾ ਹੈ। ਉਹ ਆਪਣੇ ਭੈਅ ਨੂੰ ਫ਼ਿਕਰ ਨੂੰ ਕਵਿਤਾ ’ਚ ਦਰਜ ਕਰਕੇ ਮਨੁੱਖੀ ਹੋਂਦ ਦੇ ਸਾਬਤ ਬਚੇ ਰਹਿਣ ਦੀ ਤਸਦੀਕ ਲਈ ਨਜ਼ਮ ਕਹਿੰਦੀ ਹੈ। ਇਸ ਸੰਦਰਭ ਵਿੱਚ ‘ਸਿਫ਼ਤ ਸਲਾਹ’ ਅਤੇ ‘ਨਦੀ ਨੇ ਜਦ ਟੋਹਿਆ ਖੁਦ ਨੂੰ’ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ-ਤੂੰ ਮੇਰੀ ਦਾਤੀ ਨਦੀ-ਪੀ ਰਿਹੈ ਸੂਰਜ ਤੈਨੂੰ-ਤੇ ਮੇਘ ਵਰਸਾ ਰਿਹੈ-ਪਰ …. ਬੰਦਾ-ਤੇਰੇ ਪਾਣੀਆਂ ਨਾਲ ਕਰ ਰਿਹਾ-ਛੇੜ ਖਾਨੀ-ਤੇ ਲੁਪਤ ਹੋ ਰਿਹਾ (ਪੰਨਾ-69)ਹਰੇਕ ਕਵੀ ਆਪਣਾ ਕਾਵਿ-ਸ਼ਾਸਤਰ ਘੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਉਹ ਕਵਿਤਾ ਦੇ ਹਵਾਲੇ ਨਾਲ ਕਾਵਿ ਦੀ ਹੋਂਦ ਵਿਧੀ ਬਾਰੇ ਟੀਕਾ ਟਿੱਪਣੀ ਕਰਦਾ ਹੈ। ਇਸ ਟਿੱਪਣੀ ਵਿੱਚ ਕਵਿਤਾ ਦੇ ਸਿਧਾਂਤ ਬਾਰੇ ਉਸਦੀ ਸਮਝ, ਸੱਜਗਤਾ ਅਤੇ ਸੂਖ਼ਮਤਾ ਛਿਪੀ ਹੁੰਦੀ ਹੈ। ਗੁਰਪ੍ਰੀਤ ਗੀਤ ਦੀ ਕਵਿਤਾ ਵੀ ਕਾਵਿ ਦੀ ਹੋਂਦ ਵਿਧੀ ਬਾਰੇ, ਆਪਣੀ ਕਾਵਿ ਮੌਲਿਕਤਾ ਬਾਰੇ ਤਸੱਵਰ ਬਿਆਨ ਕਰਦੀ ਹੈ। ਉਸ ਲਈ ਕਵਿਤਾ ਖ਼ਾਲੀ ਬੰਦੇ ਨੂੰ ਭਰਨ ਦੀ ਜੁਗਤ ਹੈ। ਉਹ ਕਹਿੰਦੀ ਹੈ ਕਿ ਕਵਿਤਾ ਅਜਿਹਾ ਮੌਨ ਹੈ ਜੋ ਊਰਜਾ ਨਾਲ ਨੱਚਦਾ ਹੈ। ਉਸ ਲਈ ਕਵਿਤਾ ਮਨੁੱਖੀ ਅਸਤਿਤਵ ਦਾ ਵਿਸਥਾਰ ਹੈ। ਕਵਿਤਾ ਕਵੀ ਨੂੰ ਉਸ ਅਕਾਸ਼ ਗੰਗਾ ’ਚ ਟ੍ਰਾਂਸਫੋਰਮ ਕਰ ਦਿੰਦੀ ਹੈ ਜੋ ਹਰ ਟੁੱਟੇ ਤਾਰੇ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ। ਉਸ ਲਈ ਕਵਿਤਾ ਖੁਦ ਨੂੰ ਲੋਅ ਕੋਲ ਲੈ ਜਾਣ ਦੀ ਵਿਧੀ ਵੀ ਹੈ। ਭਾਵ ਕਵਿਤਾ ਕਾਲਖ਼ ਅਤੇ ਹਨ੍ਹੇਰੇ ਨੂੰ Transform ਕਰਨ ਦਾ ਮਾਧਿਆਮ ਹੈ। ਉਸ ਲਈ ਕਵਿਤਾ ਜ਼ਿੰਦਗੀ ਦੀ ਪੂਰਕ ਹੈ। ਅਜਿਹਾ ਰੰਗ ਹੈ ਕਵਿਤਾ, ਜੋ ਪਹਿਨ ਲਿਆ ਉਹ ਜ਼ਿੰਦਗੀ ਬਣ ਗਈ ਅਤੇ ਜੋ ਰੰਗ ਸਾਂਭ ਲਏ ਉਹ ਕਵਿਤਾ ਬਣ ਜਾਂਦੇ ਹਨ। ਉਸ ਲਈ ਕਵਿਤਾ ਮਨੁੱਖੀ ਸੈਲਫ਼ ਨੂੰ ਵਾਮਨ ਤੋਂ ਵਿਰਾਟਤਾ ਵੱਲ ਲੈ ਜਾਣ ਦੀ ਯਾਤਰਾ ਹੈ। ਉਸ ਲਈ ਕਵਿਤਾ ਚੁੱਪ ਦੇ ਮੁਕਟ ਨੂੰ ਉਤਾਰ ਕੇ ਬੰਸਰੀ ਦੇ ਹਰ ਸੁਰਾਖ਼ ’ਚੋਂ ਕੂਕਣ ਦਾ ਨਾਂਅ ਹੈ। ਕਿਉਂਕਿ ਕੂਕਣਾ ਲਾਜ਼ਮੀ ਹੈ। ਪਥਰਾ ਰਹੇ ਸਮਿਆਂ ’ਚ ਕੂਕਣਾ, ਲਿਖਣਾ, ਬੋਲਣਾ, ਸੋਚਣਾ, ਮੌਲਣਾ ਪ੍ਰਤਿਰੋਧੀ ਕਾਰਜ ਹਨ।

ਗੀਤ ਇਸ ਤਰ੍ਹਾਂ ਆਪਣੀ ਕਾਵਿ ਭਾਸ਼ਾ ’ਚ ਸੂਖ਼ਮ ਪ੍ਰਤਿਰੋਧ ਸਿਰਜਦੀ ਹੈ। ਇਸ ਪ੍ਰਸੰਗ ਵਿਚ ਕਵਿਤਾ ਦੀ ‘ਇਕ ਸਤਰ’, ‘ਮੌਨ, �‘ਅਦਾ-ਏ-ਕਵਿਤਾ’, ‘ਤੂੰ’ ਅਤੇ ‘ਕਵਿਤਾ’, ‘ਸ਼ਬਦਾਂ ਦੀ ਗੋਦ’ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ। ‘ਸ਼ਬਦਾਂ ਦੀ ਗੋਦ’ ਕਵਿਤਾ ਦੇਖੋ:-ਦਿਲ ਦੀ ਬੰਸਰੀ ਨਹੀਂ ਤੋੜਾਂਗੀ-ਹਰ ਸੂਰਾਖ਼ ’ਚੋਂ ਕੂਕਾਂਗੀ-ਕਿ ਲਾਜ਼ਮੀ ਹੈ ਕੂਕਣਾਚੁੱਪ ਦਾ ਮੁਕਟ ਲਾਹ ਕੇ-ਰੱਖ ਦੇਵਾਂਗੀ ਆਪਣਾ ਦਿਲਸ਼ਬਦਾਂ ਦੀ ਗੋਦ ਵਿੱਚ ……(ਪੰਨਾ- 85)ਉਸਦੀ ਕਵਿਤਾ ’ਚ ਜਜ਼ਬਾ ਹੈ, ਭਾਵੁਕਤਾ ਹੈ ਪਰ ਕੋਈ ਬਿਆਨਬਾਜ਼ੀ, ਦਾਅਵਾ ਜਾਂ ਕਿਸੇ ਕਿਸਮ ਦੀ ਸਥਾਪਨਾ ਲਈ ਕਾਹਲ, ਉਚੇਚ ਜਾਂ ਹਊਮੈਂ ਨਹੀਂ ਹੈ। ਉਹ ਆਪਣੇ ਸੁਭਾਅ ਵਰਗੀ ਸੋਜ਼ਮਈ,ਕੋਮਲ,ਸੰਵੇਦਨਸ਼ੀਲ ਅਤੇ ਸਬਰ ਵਾਲੀ ਕਵਿਤਾ ਰਚਦੀ ਹੈ। ਜਿਸਦੇ ਕੇਂਦਰ ਵਿੱਚ ਕੋਈ ਆਕਾਰ ਨਹੀਂ ਸਗੋਂ ਇੱਕ ਦਿਲ ਹੈ ਜੋ ਨਿਰੰਤਰ ਧੜਕ ਰਿਹਾ ਹੈ। ਇਹ ਖਾਮੋਸ਼ ਜਿਹੀ ਧੜਕਣ ਉਸਦੀ ਸਮੁੱਚੀ ਸ਼ਾਇਰੀ ’ਚ ਸਦਾ-ਸਦਾ ਬਣੀ ਰਹੇਗੀ। ਇਹ ਮੇਰਾ ਵਿਸ਼ਵਾਸ ਹੈ ਕਿਉਂਕਿ ਉਸਦੀ ਹੋਂਦ ਅਤੇ ਕਵਿਤਾ ਸਵੈ ਵਿਸ਼ਵਾਸ ਨਾਲ ਭਰੀ ਹੋਈ ਹੈ। ਅੰਤ ’ਚ ਮੈਂ ਉਸਦੀ ‘ਭਿੱਜੇ ਸੁਰਾਂ’ ਕਵਿਤਾ ਨਾਲ ਵਿਦਾ ਹੁੰਦਾ ਹਾਂ:-ਭਿੱਜੇ ਸੁਰਾਂ ਦਾਵਿਰਲਾਪ ਨਹੀਂ ਹੁੰਦਾਮਹਿਜ ਸਿੱਲ੍ਹ ਹੁੰਦੀ ਹੈਸ਼ਬਦ ਸ਼ਬਦ ਨੂੰਕਵਚ ’ਚ ਉਤਾਰ ਲੈਂਦੀ ਹੈਤੇ ਥੁੱਕ ਦਿੰਦੀ ਹੈ ਮੌਤਭਿੱਜੇ ਸੁਰ ਕਦੇ ਨਹੀਂ ਮਰਦੇਤਾਜ਼ਾ ਰਹਿੰਦੇ ਗੀਤ ਦੀ ਆਗੋਸ਼ ’ਚ (ਪੰਨਾ-54)

(ਇਹ ਰੀਵਿਊ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਨੇ ਲਿਖਿਆ ਹੈ।)

LEAVE A REPLY

Please enter your comment!
Please enter your name here