ਬੇਅੰਤ ਕੌਰ ਦਾ ਮਾਮਲਾ ਪੱਤਰਕਾਰ ਨੇ ਕੈਨੇਡਾ ‘ਚ ਪ੍ਰਧਾਨ ਮੰਤਰੀ ਟਰੂਡੋ ਸਾਹਮਣੇ ਚੁੱਕਿਆ, PM ਦਾ ਜਵਾਬ- ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਪੜ੍ਹੋ ਹੋਰ ਕੀ-ਕੀ ਬੋਲੇ ਟਰੂਡੋ

0
3097

ਕੈਨੇਡਾ/ਬਰਨਾਲਾ | ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਦਾ ਮਾਮਲਾ ਇਸ ਸਮੇਂ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ।

ਪਹਿਲਾਂ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਬੇਅੰਤ ਕੌਰ ‘ਤੇ ਆਰੋਪ ਲਗਾਏ ਗਏ ਸਨ ਅਤੇ ਚੈਟ ਦੇ ਆਧਾਰ ‘ਤੇ ਉਨ੍ਹਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਸਨ, ਜਿਸ ਦੇ ਆਧਾਰ ‘ਤੇ ਉਹ ਕਹਿ ਰਹੇ ਸਨ ਕਿ ਲਵਪ੍ਰੀਤ ਨੇ ਬੇਅੰਤ ਕੌਰ ਕਰਕੇ ਹੀ ਖੁਦਕੁਸ਼ੀ ਕੀਤੀ ਹੈ ਅਤੇ ਬੇਅੰਤ ਕੌਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਮਾਮਲੇ ਨਾਲ ਜੁੜਿਆ ਇੱਕ ਬਿਆਨ ਸਾਹਮਣੇ ਆਇਆ ਹੈ। ਜਦੋਂ ਇੱਕ ਨਿੱਜੀ ਚੈਨਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵਿਦੇਸ਼ਾਂ ‘ਚ ਹੋ ਰਹੀਆਂ ਧੋਖਾਧੜੀ ਦੀਆਂ ਘਟਨਾਵਾਂ ਬਾਰੇ ਸਵਾਲ ਪੁੱਛਿਆ ਤਾਂ ਟਰੂਡੋ ਨੇ ਮੰਦਭਾਗਾ ਦੱਸਿਆ। ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਧੋਖੇਬਾਜ਼ ਏਜੰਟਾਂ ਤੋਂ ਬਚਣਾ ਚਾਹੀਦਾ ਹੈ।

ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਰੋਜ਼ਗਾਰ ਲਈ ਇਥੇ ਆਉਣ ਵਾਲੇ ਲੋਕਾਂ ‘ਤੇ ਕੋਈ ਪਾਬੰਦੀ ਨਹੀਂ ਲਗਾਏਗੀ ਪਰ ਜਿਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਕੈਨੇਡਾ ਦੀ ਇੰਮੀਗ੍ਰੇਸ਼ਨ ਵੈੱਬਸਾਈਟ ਤੋਂ ਸਹੀ ਜਾਣਕਾਰੀ ਲੈ ਸਕਦੇ ਹਨ ਅਤੇ ਧੋਖਾਧੜੀ ਤੋਂ ਬਚ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਜੋ ਕਿ ਬਰਨਾਲਾ ਦੇ ਕਸਬਾ ਧਨੌਲਾ ਦਾ ਰਹਿਣ ਵਾਲਾ ਸੀ, ਦੇ ਪਰਿਵਾਰ ਵੱਲੋਂ ਆਪਣੇ ਬੇਟੇ ਦੀ ਖੁਦਕੁਸ਼ੀ ਦਾ ਕਾਰਨ ਉਸ ਦੀ ਪਤਨੀ ਬੇਅੰਤ ਕੌਰ ਬਾਜਵਾ ਨੂੰ ਦੱਸਿਆ ਜਾ ਰਿਹਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇਅੰਤ ਕੌਰ ਜੋ ਕਿ ਲਵਪ੍ਰੀਤ ਸਿੰਘ ਨਾਲ ਵਿਆਹ ਕਰਾਉਣ ਤੋਂ ਬਾਅਦ ਕੈਨੇਡਾ ਚਲੀ ਗਈ ਸੀ, ਨੇ ਕੈਨੇਡਾ ਜਾ ਕੇ ਲਵਪ੍ਰੀਤ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ। ਉੱਥੇ ਹੀ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਮੁੰਡੇ ਦੀ ਮੌਤ ਦਾ ਕਾਰਨ ਬੇਅੰਤ ਕੌਰ ਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)