ਹੱਕਾਂ ਲਈ ਆਓ ਇਕੱਠੇ ਹੋਈਏ ਇਕੋ ਬੋਹੜ ਥੱਲੇ

0
3033

ਪ੍ਰਦੀਪ ਕੌਰ ਅਡੋਲ

ਰਾਜ ਨਹੀਂ, ਸੇਵਾ, ਸੱਤਾ ‘ਚ ਆਉਣ ਤੋਂ ਪਹਿਲਾਂ ਹੋਰ ਪਤਾ ਨਹੀਂ ਕਿੰਨੇ ਕੁ ਵਾਅਦਿਆਂ ਨਾਲ ਆਮ ਜਨਤਾ ਨੂੰ ਭਰਮਾਇਆ ਜਾਂਦਾ ਏ। ਹਰ ਸਹੂਲਤ, ਅਧੂਰੇ ਕਾਰਜ ਪੂਰੇ ਕਰਨ ਤੇ ਵਿਕਾਸ ਦੇ ਨਾਂਅ ‘ਤੇ ਸਰਕਾਰਾਂ ਵੱਲੋਂ ਢਿੰਡੋਰਾ ਪਿੱਟਿਆ ਜਾਂਦਾ ਏ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਿਖਾਈ ਦਿੰਦੀ ਐ। ਲੋਕਤੰਤਰ ਦੀ ਆਵਾਜ਼ ਕਹਾਉਣ ਵਾਲਾ ਭਾਰਤ ਦੇਸ਼ ਅੱਜ ਧੱਕੇ ਦਾ ਸ਼ਿਕਾਰ ਹੋ ਰਿਹਾ ਏ। ਤਿੰਨ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਵਿਰੋਧ ਹੋ ਰਿਹਾ ਏ ਪਰ ਵਿਰੋਧ ਦੇ ਬਾਵਜੂਦ ਲੋਕ ਤੇ ਰਾਜ ਸਭਾ ‘ਚ ਬਿੱਲ ਪਾਸ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਦੀ ਇਕੋ ਉਮੀਦ ਸੀ, ਬਿੱਲ ਰੱਦ ਕਰਵਾਉਣ ਲਈ ਤੇ ਉਸੇ ਉਮੀਦ ਨੂੰ ਪੂਰਾ ਕਰਨ ਲਈ ਕਿਸਾਨ ਜੱਥੇਬੰਦੀਆਂ ਵਲੋਂ ਸੰਘਰਸ਼ ਉਲੀਕਿਆ ਗਿਆ। ਇਕ ਜੁੱਟ ਹੋ ਕੇ ਕਿਸਾਨ ਮੈਦਾਨ ‘ਚ ਡੱਟੇ। ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਕਲਾਕਾਰ ਅੱਗੇ ਆਏ। ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਲਈ ਕਲਾਕਾਰਾਂ ‘ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ ਪਰ ਇਸ ਲੜਾਈ ‘ਚ ਕਲਾਕਾਰਾਂ ਨੇ ਹੰਭਲਾ ਮਾਰਿਆ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਲਈ ਅਪੀਲ ਕੀਤੀ। ਹਾਲਾਂਕਿ ਪਹਿਲਾਂ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ ਨਾਲ ਅੱਗੇ ਆ ਰਹੀ ਐ।

ਕਿਸਾਨਾਂ ਨੇ ਰੇਲ੍ਹ ਰੋਕੂ ਅੰਦੋਲਨ ਸ਼ੁਰੂ ਕੀਤਾ ਜੋ ਅਜੇ ਵੀ ਜਾਰੀ ਐ। ਸਰਕਾਰੀ ਚਾਲਾਂ ਨੂੰ ਨਾਕਾਮਯਾਬ ਬਣਾਉਣ ਲਈ ਪੰਜਾਬੀਆਂ ਦੀ ਇਕਜੁੱਟਤਾ ਹੋਈ ਤੇ ਮੋਦੀ ਸਰਕਾਰ ਨਾਲ ਅੱਜ ਪੰਜਾਬ ਦੀ ਸਿੱਧੀ ਟੱਕਰ ਐ। ਪਰ ਉਮੀਦਾਂ ‘ਤੇ ਪਾਣੀ ਉਦੋਂ ਫਿਰਿਆ ਜਦੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਬਿੱਲਾਂ ਨੂੰ ਮੰਜ਼ੂਰੀ ਦੇ ਦਿੱਤੀ ਗਈ। ਇਸ ਤੋਂ ਇਹ ਵੀ ਸਾਫ਼ ਜ਼ਾਹਿਰ ਹੁੰਦਾ ਕਿ ਸਭ ਕੁਝ ਵਿਕਾਊ ਹੋ ਚੁਕਿਆ ਏ। ਸਰਕਾਰਾਂ ਦੇ ਆਪਣੇ ਚੇਲੇ, ਨੁਮਾਇੰਦੇ, ਕਿਸੇ ਨੂੰ ਵੀ ਆਮ ਲੋਕਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ। ਇਹ ਬਿੱਲ ਹੁਣ ਕਾਨੂੰਨ ਤਾਂ ਬਣ ਗਿਆ ਏ ਪਰ ਆਪਣੇ ਹੱਕ ਬਚਾਉਣ ਲਈ ਚਾਲਾਕ ਦਿੱਲੀ ਨੂੰ ਸਬਕ ਸਿਖਾਉਣ ਲਈ ਜੇ ਸਭ ਵਿਚਕਾਰ ਇਸੇ ਤਰ੍ਹਾਂ ਏਕਤਾ ਰਹੀ ਤਾਂ ਅਸੀਂ ਜਲਦੀ ਇਸ ਲੜਾਈ ਨੂੰ ਜਿਤਾਂਗੇ। ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਏ ਕਿ ਇਹ ਬਿੱਲ ਕਿਸਾਨ ਵੀਰਾਂ ਦੀ ਭਲਾਈ ਲਈ ਨੇ, ਪਰ ਜਦੋਂ ਕਿਸਾਨ ਹੀ ਨਹੀਂ ਖੁਸ਼ ਫਿਰ ਇਹ ਬਿੱਲਾਂ ਦੇ ਨਾਂਅ ‘ਤੇ ਭਲਾਈ ਕਿਸ ਕੰਮ ਦੀ? ਇਹ ਤਾਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਏ। ਦੂਜੀ ਗੱਲ ਕਿਸਾਨ, ਮਜ਼ਦੂਰ, ਸਾਰਿਆਂ ਦੀ ਇਹ ਲੜਾਈ ਐ, ਪਰ ਇਸ ‘ਤੇ ਸਿਆਸੀ ਰੋਟੀਆਂ ਵੀ ਚੰਗੀ ਤਰ੍ਹਾਂ ਸੇਕੀਆਂ ਜਾ ਰਹੀਆਂ ਨੇ। ਆਪਣੀ ਪਾਰਟੀ ਦਾ ਝੰਡਾ ਤੇ ਆਪਣੀ ਸਰਕਾਰ ਦਾ ਗੁਣਵਾਨ ਕਰਨ ਲਈ ਵੱਡੇ-ਵੱਡੇ ਭਾਸ਼ਣ ਦਿੱਤੇ ਜਾ ਰਹੇ ਨੇ। ਪਰ ਸੋਚਣ ਵਾਲੀ ਗੱਲ ਇਹ ਐ ਕਿ ਅਸੀਂ ਆਪਣੇ ਜਦੋਂ ਕੋਈ ਨੁਮਾਇੰਦਾ ਚੁਣਦੇ ਹਾਂ ਤਾਂ ਆਪਣੀ ਮਦਦ ਲਈ ਚੁਣਦੇ ਹਾਂ ਪਰ ਜੇ ਉਹ ਇਸੇ ਮਦਦ ਨੂੰ ਗਿਣਾ-ਗਿਣਾ ਕੇ ਸੁਣਾਏ ਤਾਂ ਲਾਹਨਤ ਐ ਇਹੋ ਜਿਹੇ ਨੁਮਾਇੰਦੇ, ਸਰਕਾਰਾਂ ‘ਤੇ।

ਜੇਕਰ ਪੰਜਾਬੀਓ ਅਸੀਂ ਹੋਸ਼ ਨਾਲ ਆਪਣਾ ਹੱਕ ਲੈਣਾ ਤਾਂ ਇਹ ਲੜਾਈ ਜਾਰੀ ਰੱਖਣੀ ਪੈਂਣੀ ਐ, ਤੇ ਸੰਘਰਸ਼ ਹੋਰ ਵੱਡੇ ਪੱਧਰ ‘ਤੇ ਉਲੀਕਣਾ ਪੈਂਣਾ ਏ। ਇਹ ਲੜਾਈ ਹੱਕ ਲੈਣ ਲਈ ਐ, ਤੇ ਸਿਆਸੀ ਪਾਰਟੀਆਂ ਨੂੰ ਸਿਆਸਤ ਤੋਂ ਉਪਰ ਉਠ ਅਤੇ ਪੰਜਾਬੀ ਕਲਾਕਾਰ, ਜਿਨ੍ਹਾਂ ਨੂੰ ਮਿਲ ਕੇ ਇਕੋ ਝੰਡੇ ਹੇਠ ਸੰਘਰਸ਼ ਕਰਨਾ ਪੈਣਾ ਏ। ਜਿਥੇ ਸਿਰਫ਼ ਇਕੋ ਨਾਅਰਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

(ਲੇਖਿਕਾ ਪੱਤਰਕਾਰ ਹੈ)

LEAVE A REPLY

Please enter your comment!
Please enter your name here