ਅੰਮ੍ਰਿਤਸਰ : ਪਾਕਿਸਤਾਨ ਤੋਂ ਆਏ ਟਰੱਕ ‘ਚੋਂ 3 ਕਰੋੜ ਦਾ ਨਸ਼ੀਲਾ ਪਦਾਰਥ ਬਰਾਮਦ ; ਡਰਾਈਵਰ ਗ੍ਰਿਫ਼ਤਾਰ

0
1325

ਅੰਮ੍ਰਿਤਸਰ: ਭਾਰਤੀ ਕਸਟਮ ਵਿਭਾਗ ਨੇ ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਭੇਜੇ ਗਏ 3 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਅਟਾਰੀ ਬਾਰਡਰ ‘ਤੇ ਚੈਕਿੰਗ ਦੌਰਾਨ ਬੀਐਸਐਫ ਜਵਾਨਾਂ ਨੇ ਇਹ ਖੇਪ ਵੇਖੀ ਅਤੇ ਕਸਟਮ ਵਿਭਾਗ ਨੇ ਇਸ ਨੂੰ ਜ਼ਬਤ ਕਰ ਲਿਆ। ਬੀਐੱਸਐੱਫ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਪਾਕਿਸਤਾਨੀ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧ ਖ਼ਤਮ ਕਰ ਦਿੱਤੇ ਸਨ ਪਰ ਅੰਮ੍ਰਿਤਸਰ ਦੀ ਅਟਾਰੀ ਸਰਹੱਦ ‘ਤੇ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਸਿਰਫ਼ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਸਮਾਨ ਹੀ ਪ੍ਰਾਪਤ ਹੋ ਰਿਹਾ ਹੈ। ਇਸ ਦੀ ਆੜ ‘ਚ ਪਾਕਿਸਤਾਨੀ ਸਮੱਗਲਰ ਲਗਾਤਾਰ ਨਸ਼ੀਲੇ ਪਦਾਰਥ ਭੇਜ ਰਹੇ ਹਨ। ਜੋ ਨਸ਼ੀਲੇ ਪਦਾਰਥ ਹੁਣੇ ਜ਼ਬਤ ਕੀਤੇ ਗਏ ਹਨ, ਉਹ ਟਰੱਕ ਦੇ ਹੇਠਾਂ ਚੁੰਬਕ ਦੇ ਨਾਲ ਕਾਲੇ ਪੈਕਟ ਵਿੱਚ ਫਸੇ ਹੋਏ ਸਨ।

ਦੱਸ ਦੇਈਏ ਕਿ ਚੈਕਿੰਗ ਦੌਰਾਨ ਜਵਾਨਾਂ ਦੀ ਨਜ਼ਰ ਪੈਕੇਟ ‘ਤੇ ਪਈ। ਜਦੋਂ ਇਸ ਸਬੰਧੀ ਡਰਾਈਵਰ ਨੂੰ ਪੁੱਛਿਆ ਤਾਂ ਉਹ ਕੁਝ ਨਹੀਂ ਦੱਸ ਸਕਿਆ। ਬੀਐਸਐਫ ਨੇ ਪੈਕਟ ਜ਼ਬਤ ਕਰ ਲਿਆ। NCB ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਕੇਟ ਦਾ ਵਜ਼ਨ 400 ਗ੍ਰਾਮ ਤੋਂ ਵੱਧ ਦੱਸਿਆ ਜਾ ਰਿਹਾ ਹੈ। ਫਿਲਹਾਲ ਪੈਕੇਟ ਨਹੀਂ ਖੋਲ੍ਹਿਆ ਗਿਆ ਹੈ। ਇਸ ਦੇ ਨਾਲ ਹੀ ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।